ਜੈਪਾਲ ਭੁੱਲਰ ਦੇ ਪਿਤਾ ਹਾਈ ਕੋਰਟ ਪੁੱਜੇ

ਸੁਮਿਤ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕਰਨ ਲਿਜਾਂਦੀ ਹੋਈ ਪੁਲੀਸ।

ਫ਼ਿਰੋਜ਼ਪੁਰ: ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ ਜੈਪਾਲ ਭੁੱਲਰ ਦਾ ਅੱਜ ਪੰਜਵੇਂ ਦਿਨ ਵੀ ਸਸਕਾਰ ਨਹੀਂ ਹੋ ਸਕਿਆ। ਜੈਪਾਲ ਦੇ ਪਿਤਾ ਭੁਪਿੰਦਰ ਸਿੰਘ ਉਸ ਦਾ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਮੰਗ ਮੰਨਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਭੁਪਿੰਦਰ ਸਿੰਘ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਸਾਫ਼ ਕਿਹਾ ਕਿ ਉਹ ਪੋਸਟਮਾਰਟਮ ਤੋਂ ਪਹਿਲਾਂ ਆਪਣੇ ਪੁੱਤ ਦਾ ਸਸਕਾਰ ਨਹੀਂ ਕਰਨਗੇ। ਪੰਜਾਬ ਪੁਲੀਸ ਵਿਚ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਜੈਪਾਲ ਦੇ ਪਿਤਾ ਨੂੰ ਪੂਰਾ ਯਕੀਨ ਹੈ ਕਿ ਪੁਲੀਸ ਮੁਕਾਬਲੇ ਤੋਂ ਪਹਿਲਾਂ ਜੈਪਾਲ ਨਾਲ ਕੁੱਟਮਾਰ ਕੀਤੀ ਗਈ। ਇਸ ਦੌਰਾਨ ਜੈਪਾਲ ਦੀ ਇੱਕ ਬਾਂਹ ਤੇ ਕੁਝ ਪਸਲੀਆਂ ਟੁੱਟ ਗਈਆਂ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਸਸਕਾਰ ਲਈ ਸਮਝਾਉਣ ਵਾਸਤੇ ਕੀਤੇ ਗਏ ਸਭ ਉਪਰਾਲੇ ਫ਼ੇਲ੍ਹ ਹੋ ਗਏ ਹਨ ਤੇ ਜੈਪਾਲ ਦਾ ਪਰਿਵਾਰ ਹੁਣ ਹਾਈ ਕੋਰਟ ਦੇ ਫ਼ੈਸਲੇ ਦੀ ਉਡੀਕ ਕਰ ਰਿਹਾ ਹੈ।

ਅੱਜ ਸ਼ੇਰਾ ਖੁੱਬਣ ਤੇ ਵਿੱਕੀ ਗੌਂਡਰ ਦੇ ਪਿਤਾ ਨੇ ਵੀ ਜੈਪਾਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ਼ੇਰਾ ਖੁੱਬਣ ਤੇ ਵਿੱਕੀ ਗੌਂਡਰ ਜੈਪਾਲ ਦੇ ਕਾਫ਼ੀ ਨਜ਼ਦੀਕੀ ਮਿੱਤਰਾਂ ਵਿਚ ਸ਼ਾਮਲ ਸਨ। ਸ਼ੇਰਾ ਖੁੱਬਣ ਦੇ ਪਿਤਾ ਨੇ ਪੁਲੀਸ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਦੱਸਿਆ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੀ ਇਸ ਮਾਮਲੇ ਵਿੱਚ ਪੁਲੀਸ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।

ਜੈਪਾਲ ਨੂੰ ਕੋਲਕਾਤਾ ’ਚ ਮਕਾਨ ਦਿਵਾਉਣ ਵਾਲਾ ਛੇ ਦਿਨਾਂ ਦੇ ਰਿਮਾਂਡ ’ਤੇ

ਕੁਰਾਲੀ: ਜੈਪਾਲ ਭੁੱਲਰ ਅਤੇ ਭਰਤ ਕੁਮਾਰ ਨੂੰ ਆਪਣੇ ਪਛਾਣ ਪੱਤਰਾਂ ’ਤੇ ਕੋਲਕਾਤਾ ਵਿੱਚ ਕਿਰਾਏ ’ਤੇ ਮਕਾਨ ਦਿਵਾਉਣ ਵਾਲੇ ਕੁਰਾਲੀ ਪੁਲੀਸ ਵੱਲੋਂ ਹਰਿਆਣੇ ਤੋਂ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਨੂੰ ਖਰੜ ਅਦਾਲਤ ਨੇ ਛੇ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਮੁਲਜ਼ਮ ਦੀ ਪਛਾਣ ਸੁਮਿਤ ਵਾਸੀ ਹਰਿਆਣਾ ਵਜੋਂ ਹੋਈ ਹੈ। ਸਥਾਨਕ ਸਦਰ ਥਾਣੇ ਦੇ ਐੱਸਐੱਚਓ ਮਲਕੀਤ ਸਿੰਘ ਨੇ ਦੱਸਿਆ ਕਿ ਸੁਮਿਤ ਨੇ ਜੈਪਾਲ ਭੁੱਲਰ ਅਤੇ ਉਸ ਦੇ ਸਾਥੀ ਭਰਤ ਕੁਮਾਰ ਨੂੰ ਆਪਣੇ ਪਛਾਣ ਪੱਤਰਾਂ ’ਤੇ ਕੋਲਕਾਤਾ ਵਿੱਚ ਕਿਰਾਏ ’ਤੇ ਮਕਾਨ ਦਿਵਾਇਆ ਸੀ। ਉਸ ਕੋਲੋਂ ਕਈ ਸਿਮ ਵੀ ਬਰਾਮਦ ਕੀਤੇ ਗਏ ਹਨ।

Leave a Reply

Your email address will not be published. Required fields are marked *