ਅਨੈਤਿਕ ਕੰਮ ਕਰਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦੀ ਤੁਰੰਤ ਹੋਵੇਗੀ ਛੁੱਟੀ

ਅੰਮ੍ਰਿਤਸਰ: ਕਰੋਨਾ ਦੌਰਾਨ ਪੀੜਤ ਮਨੁੱਖਤਾ ਲਈ ਅਹਿਮ ਸੇਵਾ ਰਹੀ ਸਿੱਖ ਸੰਸਥਾ ਨੇ ਹੁਣ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੂਚਨਾ ਕੇਂਦਰ ਨੇੜੇ ਜੈਨਰਿਕ ਦਵਾਈਆਂ ਦਾ ਸਟੋਰ ਖੋਲ੍ਹਣ ਦਾ ਫੈਸਲਾ ਕੀਤਾ ਹੈ ਤਾਂ ਜੋ ਲੋੜਵੰਦ ਲੋਕ ਲਾਗਤ ਮੁੱਲ ’ਤੇ ਹੀ ਦਵਾਈਆਂ ਪ੍ਰਾਪਤ ਕਰ ਸਕਣ। ਇਹ ਫੈਸਲਾ ਅੱਜ ਇਥੇ ਅੰਤ੍ਰਿਗ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ ਗਿਆ। ਇਸ ਤੋਂ ਇਲਾਵਾ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿੱਚ ਅਨੈਤਿਕ ਕਾਰਵਾਈ ਅਤੇ ਨਸ਼ਾਖੋਰੀ ਆਦਿ ਵਿੱਚ ਦੋਸ਼ੀ ਪਾਏ ਗਏ ਸੰਸਥਾ ਦੇ ਕਰਮਚਾਰੀਆਂ ਨੂੰ ਤੁਰੰਤ ਨੌਕਰੀ ਤੋਂ ਫਾਰਗ ਕਰਨ ਦੇ ਨਿਯਮ ’ਤੇ ਵੀ ਮੋਹਰ ਲਾਈ ਗਈ। ਸ੍ਰੀ ਦਰਬਾਰ ਸਾਹਿਬ ਦੇ ਤੋਸ਼ਾਖਾਨਾ ਦੀਆਂ ਬੇਸ਼ਕੀਮਤੀ ਇਤਿਹਾਸਕ ਵਸਤਾਂ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਕੇ ਸੰਭਾਲਣ ਦਾ ਫੈਸਲਾ ਕੀਤਾ ਗਿਆ ਹੈ।

ਬੀਬੀ ਜਗੀਰ ਕੌਰ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਹੋਏ ਫੈਸਲਿਆਂ ਬਾਰੇ ਆਖਿਆ ਕਿ ਜਲਦੀ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਜੈਨਰਿਕ ਦਵਾਈਆਂ ਦਾ ਸਟੋਰ ਖੋਲ੍ਹਿਆ ਜਾਵੇਗਾ, ਤਾਂ ਜੋ ਲੋੜਵੰਦ ਅਤੇ ਗਰੀਬ ਲੋਕ ਲਾਗਤ ਕੀਮਤ ’ਤੇ ਦਵਾਈਆਂ ਪ੍ਰਾਪਤ ਕਰ ਸਕਣ। ਬਾਅਦ ਵਿੱਚ ਇਹ ਸਟੋਰ ਹੋਰ ਤਖ਼ਤ ਸਾਹਿਬਾਨ ਤੇ ਹੋਰ ਗੁਰੂ ਘਰਾਂ ਵਿਚ ਵੀ ਖੋਲ੍ਹੇ ਜਾਣਗੇ। ਜ਼ਿੰਮੇਵਾਰ ਅਹੁਦਿਆਂ ’ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਜਿਨ੍ਹਾਂ ਦਾ ਸਮਾਂ ਇਕ ਥਾਂ ’ਤੇ ਦੋ ਸਾਲ ਤੋਂ ਵੱਧ ਹੋ ਗਿਆ ਹੈ, ਉਨ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਗੁਰਪੁਰਬਾਂ ਮੌਕੇ ਸ੍ਰੀ ਦਰਬਾਰ ਸਾਹਿਬ ਵਿਖੇ ਸਜਾਏ ਜਾਂਦੇ ਜਲੌਅ ਦੀਆਂ ਇਤਿਹਾਸਕ ਵਸਤਾਂ ਜੋ ਤੋਸ਼ਾਖਾਨਾ ਵਿੱਚ ਹਨ, ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰ ਕੇ ਸੰਭਾਲੀਆਂ ਜਾਣਗੀਆਂ। ਇਸ ਤੋਂ ਇਲਾਵਾ ਤੋਸ਼ਾਖਾਨਾ ਨੂੰ ਵੀ ਆਧੁਨਿਕ ਤਕਨੀਕ ਨਾਲ ਨਵਿਆਇਆ ਜਾਵੇਗਾ।

ਅੰਤ੍ਰਿੰਗ ਕਮੇਟੀ ਨੇ ਐੱਸਐੱਸ ਕੋਹਲੀ ਐਸੋਸੀਏਟ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਵੀ ਫੈਸਲਾ ਲਿਆ ਹੈ। ਉਸ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਨਾਲ-ਨਾਲ ਉਸ ਦਾ ਲਾਇਸੈਂਸ ਰੱਦ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਸੈਕਸ਼ਨ 87 ਦੇ 35 ਗੁਰਦੁਆਰੇ ਸੈਕਸ਼ਨ-85 ਵਿਚ ਲਿਆਉਣ ਲਈ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਗਿਆ, ਪਰ ਸਰਕਾਰ ਵੱਲੋਂ ਹੁਣ ਤਕ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਗੁਰਦੁਆਰਾ ਗੰਗਸਰ ਸਾਹਿਬ ਜੈਤੋ ਦੇ ਇਤਿਹਾਸਕ ਖੂਹ ਦੀ ਸਾਫ਼ ਸਫਾਈ ਅਤੇ ਲੋੜ ਅਨੁਸਾਰ ਮੁਰੰਮਤ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ।

ਮੀਟਿੰਗ ਦੇ ਭਰੋਸੇ ਮਗਰੋਂ ਢਾਡੀਆਂ ਵੱਲੋਂ ਰੋਸ ਮਾਰਚ ਮੁਲਤਵੀ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਮਿਲੇ ਮੀਟਿੰਗ ਦੇ ਸੱਦੇ ਮਗਰੋਂ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਤੇ ਮੀਰੀ ਪੀਰੀ ਢਾਡੀ ਸਭਾ ਦੇ ਢਾਡੀਆਂ ਵੱਲੋਂ ਕੱਢਿਆ ਜਾਣ ਵਾਲਾ ਰੋਸ ਮਾਰਚ ਅਤੇ ਭੁੱਖ ਹੜਤਾਲ ਮੁਲਤਵੀ ਕਰ ਦਿੱਤੀ ਗਈ ਹੈ। ਸ਼੍ਰੋਮਣੀ ਕਮੇਟੀ ਦੇ ਚੀਫ ਸਕੱਤਰ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਸਬੰਧੀ 22 ਜੂਨ ਨੂੰ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਵਿੱਚ ਮੀਟਿੰਗ ਰੱਖੀ ਗਈ ਹੈ। ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਬਲਦੇਵ ਸਿੰਘ ਐੱਮਏ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਵੱਲੋਂ ਮਿਲੇ ਭਰੋਸੇ ਮਗਰੋਂ 21 ਜੂਨ ਨੂੰ ਹੋਣ ਵਾਲੀ ਭੁੱਖ ਹੜਤਾਲ ਉਨ੍ਹਾਂ ਮੁਲਤਵੀ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਸਾਰੇ ਢਾਡੀ ਕਾਲੇ ਚੋਲੇ ਪਾ ਕੇ ਰੋਸ ਮਾਰਚ ਕਰਨ ਲਈ ਇੱਥੇ ਗੁਰਦਾਸ ਹਾਲ ਦੇ ਬਾਹਰ ਇਕੱਠੇ ਹੋਏ ਸਨ।

Leave a Reply

Your email address will not be published. Required fields are marked *