ਦੋਵੇਂ ਵਿਧਾਇਕਾਂ ਦੇ ਪਰਿਵਾਰ ਨੌਕਰੀਆਂ ਤਿਆਗਣ ਦਾ ਕਰ ਸਕਦੇ ਨੇ ਐਲਾਨ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਦਾ ਮਾਮਲਾ ਹੁਣ ਨਵਾਂ ਮੋੜਾ ਕੱਟਣ ਲੱਗਾ ਹੈ। ਅਗਲੀਆਂ ਚੋਣਾਂ ਨੇੜੇ ਹੋਣ ਕਰਕੇ ਇਸ ਮਾਮਲੇ ’ਤੇ ਸਿਆਸਤ ਇਕਦਮ ਭਖ ਗਈ ਹੈ ਜਿਸ ਨਾਲ ਪੰਜਾਬ ਸਰਕਾਰ ਦੀ ਸਿਆਸੀ ਤੌਰ ’ਤੇ ਕਿਰਕਿਰੀ ਹੋਣ ਲੱਗੀ ਹੈ। ਸੂਤਰਾਂ ਅਨੁਸਾਰ ਆਉਂਦੇ ਦਿਨਾਂ ’ਚ ਇਹ ਦੋਵੇਂ ਵਿਧਾਇਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਨੌਕਰੀਆਂ ਦੇ ਇਹ ਤੋਹਫ਼ੇ ਤਿਆਗਣ ਦਾ ਐਲਾਨ ਕਰ ਸਕਦੇ ਹਨ। ਇਨ੍ਹਾਂ ਨੌਕਰੀਆਂ ਕਰਕੇ ਜਿੱਥੇ ਸਰਕਾਰ ਖ਼ਿਲਾਫ਼ ਲੋਕ ਰਾਇ ਬਣਨ ਲੱਗੀ ਹੈ, ਉਥੇ ਦੋਵੇਂ ਵਿਧਾਇਕਾਂ ਦੇ ਪਰਿਵਾਰਾਂ ਨੂੰ ਆਪਣਾ ਸਿਆਸੀ ਭਵਿੱਖ ਵੀ ਦਾਅ ’ਤੇ ਲੱਗਦਾ ਜਾਪਦਾ ਹੈ। ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੇ ਸੋਸ਼ਲ ਮੀਡੀਆਂ ’ਤੇ ਇਨ੍ਹਾਂ ਨੌਕਰੀਆਂ ਖ਼ਿਲਾਫ਼ ਭੰਡੀ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਜਾਰੀ ਬਿਆਨ ’ਚ ਕਿਹਾ ਹੈ ਕਿ ਫਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਨੂੰ ਸਵੈ-ਇੱਛੁਕ ਤੌਰ ’ਤੇ ਆਪਣੇ ਲੜਕਿਆਂ ਨੂੰ ਮਿਲੀ ਨੌਕਰੀ ਛੱਡਣ ਦੀ ਪੇਸ਼ਕਸ਼ ਕਰ ਦੇਣੀ ਚਾਹੀਦੀ ਹੈ। ਬਾਜਵਾ ਨੇ ਕਿਹਾ ਕਿ ਵਿਛੜੇ ਆਗੂ ਸਤਨਾਮ ਸਿੰਘ ਬਾਜਵਾ ਅਤੇ ਜੋਗਿੰਦਰ ਪਾਲ ਪਾਂਡੇ ਬਾਕੀ ਸਫਾ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਲਈ ਜਾਨਾਂ ਕੁਰਬਾਨ ਕੀਤੀਆਂ ਸਨ ਤੇ ਕਾਂਗਰਸ ਦੀ ਵਿਚਾਰਧਾਰਾ ਦਾ ਝੰਡਾ ਬੁਲੰਦ ਰੱਖਿਆ। ਉਨ੍ਹਾਂ ਕਿਹਾ ਕਿ ਨੌਕਰੀਆਂ ਸਵੈ ਇੱਛੁਕ ਤਰੀਕੇ ਨਾਲ ਛੱਡਣ ਨਾਲ ਵਿਛੜੇ ਨੇਤਾਵਾਂ ਦੀਆਂ ਯਾਦਾਂ ਦਾ ਸੱਚਾ ਸਨਮਾਨ ਮਿਲੇਗਾ। ਦੂਜੇ ਪਾਸੇ ਪੰਜਾਬ ਸਰਕਾਰ ਨੇ ਇਨ੍ਹਾਂ ਦੋਵੇਂ ਨੌਕਰੀਆਂ ਦੇ ਫ਼ੈਸਲੇ ਨੂੰ ਸਹੀ ਦਰਸਾਉਣ ਲਈ ਜੋ ਮੁਹਿੰਮ ਸ਼ੁਰੂ ਕੀਤੀ ਸੀ, ਉਸ ਨੂੰ ਅੱਜ ਸਰਕਾਰ ਨੇ ਖੁਦ ਹੀ ਰੋਕ ਦਿੱਤੀ ਹੈ ਜਿਸ ਤੋਂ ਜਾਪਦਾ ਹੈ ਕਿ ਕਿਸੇ ਵਕਤ ਵੀ ਇਸ ਮਾਮਲੇ ’ਤੇ ਯੂ ਟਰਨ ਹੋ ਸਕਦਾ ਹੈ।

Leave a Reply

Your email address will not be published. Required fields are marked *