ਸਿੱਖਿਆ ਬੋਰਡ 31 ਜੁਲਾਈ ਤੋਂ ਪਹਿਲਾਂ ਐਲਾਨੇਗਾ ਬਾਰ੍ਹਵੀਂ ਦਾ ਨਤੀਜਾ

ਐਸ.ਏ.ਐਸ. ਨਗਰ : ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਦੀ ਅਗਲੇਰੀ ਪੜ੍ਹਾਈ ਨੂੰ ਧਿਆਨ ਵਿਚ ਰੱਖਦਿਆਂ ਬਾਰ੍ਹਵੀਂ ਜਮਾਤ ਦਾ ਨਤੀਜਾ ਤਿਆਰ ਕਰਨ ਵਿੱਚ ਜੁੱਟ ਗਿਆ ਹੈ। ਇਸ ਸਬੰਧੀ ਸਕੂਲ ਬੋਰਡ ਨੇ ਹਾਲ ਹੀ ਵਿੱਚ ਸੁਪਰੀਮ ਕੋਰਟ ਵਿੱਚ ਇਕ ਹਲਫ਼ਨਾਮਾ ਦਾਇਰ ਕਰਕੇ ਸੀਬੀਐੱਸਈ ਦੀ ਤਰਜ ’ਤੇ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ ਕਰਨ ਦੀ ਗੱਲ ਆਖੀ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਕਾਰਨ ਕੁੱਝ ਸਮਾਂ ਪਹਿਲਾਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਸਨ। ਪ੍ਰੋ. ਯੋਗਰਾਜ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ 31 ਜੁਲਾਈ ਤੋਂ ਪਹਿਲਾਂ ਨਤੀਜਾ ਕੱਢਣ ਲਈ ਕਿਹਾ ਹੈ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਸੀਬੀਐੱਸਈ ਪੈਟਰਨ ਦੇ ਨੇੜੇ-ਤੇੜੇ ਰਹਿ ਕੇ ਬਾਰ੍ਹਵੀਂ ਦਾ ਨਤੀਜਾ ਐਲਾਨਿਆ ਜਾਵੇ ਤਾਂ ਜੋ ਵਿਦਿਆਰਥੀ ਆਲ ਇੰਡੀਆ ਪੱਧਰ ਜਾਂ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਲਈ ਦਾਖ਼ਲੇ ਲੈ ਸਕਣ। ਉਨ੍ਹਾਂ ਨਤੀਜਾ ਘੋਸ਼ਿਤ ਕਰਨ ਦੇ ਫਾਰਮੂਲੇ ਬਾਰੇ ਦੱਸਦਿਆਂ ਕਿਹਾ ਕਿ ਦਸਵੀਂ ਦੇ 30 ਅੰਕ, ਗਿਆਰ੍ਹਵੀਂ ਦੇ 30 ਅੰਕ ਅਤੇ ਬਾਰ੍ਹਵੀਂ ਦੇ ਪ੍ਰੀ-ਬੋਰਡ ਅਤੇ ਇੰਟਰਨਲ ਅਸੈਸਮੈਂਟ ਦੇ 40 ਅੰਕ ਜੋੜ ਕੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ। ਪ੍ਰੋ. ਯੋਗਰਾਜ ਨੇ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਪਿਛਲੇ ਦਿਨੀਂ ਸੀਬੀਐੱਸਈ ਨੂੰ ਤਲਬ ਕਰਕੇ ਬਾਰ੍ਹਵੀਂ ਦੇ ਨਤੀਜੇ ਬਾਰੇ ਪੁੱਛਿਆ ਗਿਆ ਸੀ ਅਤੇ ਸੀਬੀਐੱਸਈ ਨੇ ਉਸਾਰੂ ਦਲੀਲਾਂ ਪੇਸ਼ ਕਰਕੇ ਮੁੱਢਲੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਸੀਬੀਐਸਈ ਵੱਲੋਂ ਬਾਰ੍ਹਵੀਂ ਦਾ ਨਤੀਜਾ ਘੋਸ਼ਿਤ ਕਰਨ ਲਈ ਜੋ ਵਿਧੀ ਤਿਆਰ ਕੀਤੀ ਗਈ ਹੈ। ਉਸੇ ਤਰਜ਼ ’ਤੇ ਪੰਜਾਬ ਬੋਰਡ ਵੱਲੋਂ ਨਤੀਜਾ ਤਿਆਰ ਕੀਤਾ ਜਾਵੇਗਾ। 

Leave a Reply

Your email address will not be published. Required fields are marked *