ਅਕਾਲੀ ਦਲ ਤੇ ਬਸਪਾ ਵੱਲੋਂ ਪਾਵਰਕੌਮ ਦਫ਼ਤਰਾਂ ਅੱਗੇ ਮੁਜ਼ਾਹਰੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਪੰਜਾਬ ਦੇ ਬਿਜਲੀ ਸੰਕਟ ਖ਼ਿਲਾਫ਼ ਅੱਜ ਸੂਬੇ ਭਰ ਵਿਚ ਪਾਵਰਕੌਮ ਦਫ਼ਤਰਾਂ ਮੂਹਰੇ ਧਰਨੇ ਦਿੱਤੇ ਗਏ। ਇਸ ਦੌਰਾਨ ਕਿਸਾਨਾਂ, ਘਰੇਲੂ ਬਿਜਲੀ ਖ਼ਪਤਕਾਰਾਂ ਤੇ ਸਨਅਤੀ ਖੇਤਰ ਦੀਆਂ ਮੁਸ਼ਕਿਲਾਂ ਉਜਾਗਰ ਕੀਤੀਆਂ ਗਈਆਂ। ਇਸ ਮੌਕੇ ਦੋਸ਼ ਲਗਾਇਆ ਗਿਆ ਕਿ ਜਾਣ-ਬੁੱਝ ਕੇ ਅੱਠ ਘੰਟੇ ਬਿਜਲੀ ਨਾ ਦਿੱਤੇ ਜਾਣ ਕਾਰਨ ਕਿਸਾਨ, ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਬਿਜਲੀ ਦੇ ਅਣਐਲਾਨੇ ਲੰਬੇ ਕੱਟਾਂ ਕਾਰਨ ਆਮ ਖ਼ਪਤਕਾਰ ਅਤੇ ਹਫ਼ਤੇ ਵਿੱਚ ਦੋ ਦਿਨ ਇੰਡਸਟਰੀ ਬੰਦ ਰੱਖਣ ਦੇ ਹੁਕਮਾਂ ਤੋਂ ਸਨਅਤਕਾਰ ਪ੍ਰੇਸ਼ਾਨ ਹਨ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਕਿ ਕਾਂਗਰਸ ਸਰਕਾਰ ਝੋਨਾ ਉਤਪਾਦਕ ਕਿਸਾਨ ਜੋ ਡੀਜ਼ਲ ਫੂਕ ਕੇ ਜੈਨਰੇਟਰਾਂ ਦੀ ਵਰਤੋਂ ਕਰ ਕੇ ਝੋਨਾ ਪਾਲਣ ਲਈ ਮਜਬੂਰ ਹਨ, ਲਈ ਵਿੱਤੀ ਰਾਹਤ ਪੈਕੇਜ ਦਾ ਐਲਾਨ ਕਰੇ ਅਤੇ ਡੀਜ਼ਲ ’ਤੇ ਵੈਟ ਵੀ ਘਟਾਇਆ ਜਾਵੇ। ਪਾਰਟੀ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੇ ਨਾਲ ਘਰੇਲੂ ਖ਼ਪਤਕਾਰਾਂ ਤੇ ਇੰਡਸਟਰੀ ਲਈ ਲੋੜੀਂਦੀ ਬਿਜਲੀ ਸਪਲਾਈ ਬਹਾਲ ਕਰਨ ਸਮੇਤ ਹੋਰ ਕਦਮ ਨਾ ਉਠਾਏ ਗਏ ਤਾਂ ਸੰਘਰਸ਼ ਦੇ ਅਗਲੇ ਪੜਾਅ ਤਹਿਤ ਮੁੱਖ ਮੰਤਰੀ ਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੰਬੀ, ਫਾਜ਼ਿਲਕਾ ਤੇ ਘੁਬਾਇਆ ਵਿੱਚ ਰੋਸ ਧਰਨਿਆਂ ’ਚ ਸ਼ਾਮਲ ਹੋਏ ਜਿੱਥੇ ਉਨ੍ਹਾਂ ਲੋਕਾਂ ਦੀ ਇਸ ਦੁਰਦਸ਼ਾ ਲਈ ਸਿੱਧੇ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਬਿਜਲੀ ਸਬੰਧੀ ਹਾਲਾਤ ਦਾ ਜਾਇਜ਼ਾ ਲੈਣ ਅਤੇ ਝੋਨੇ ਦੇ ਸੀਜ਼ਨ ਲਈ ਕਿਸਾਨਾਂ ਨੁੰ ਢੁਕਵੀਂ ਬਿਜਲੀ ਸਪਲਾਈ ਯਕੀਨੀ ਬਣਾਉਣ ਵਾਸਤੇ ਇਕ ਵੀ ਸਮੀਖਿਆ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅਜਿਹਾ ਜਾਣ-ਬੁੱਝ ਕੇ ਕੀਤਾ ਗਿਆ ਹੈ ਤਾਂ ਜੋ ਸਬਸਿਡੀ ਬਿੱਲ ਘੱਟ ਰਹੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਨਹੀਂ ਦੇਣਾ ਚਾਹੁੰਦੀ, ਇਸੇ ਕਰ ਕੇ ਉਸ ਵੇਲੇ ਬਿਜਲੀ ਨਹੀਂ ਦਿੱਤੀ ਜਾਂਦੀ ਜਦੋਂ ਇਸ ਦੀ ਜ਼ਰੂਰਤ ਹੁੰਦੀ ਹੈ।

ਸ੍ਰੀ ਬਾਦਲ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਬੰਦ ਹੈ ਤੇ ਤਲਵੰਡੀ ਸਾਬੋ ਦਾ ਵੀ ਇਕ ਯੂਨਿਟ ਬੰਦ ਪਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਕਿਸਾਨਾਂ ਨੂੰ ਹਮੇਸ਼ਾ ਅੱਠ ਘੰਟੇ ਬਿਜਲੀ ਸਪਲਾਈ ਮਿਲੀ। ਇਸ ਤੋਂ ਇਲਾਵਾ ਘਰੇਲੂ ਖ਼ਪਤਕਾਰਾਂ ਤੇ ਇੰਡਸਟਰੀ ਨੂੰ ਵੀ 24 ਘੰਟੇ ਬਿਜਲੀ ਮਿਲਦੀ ਸੀ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਬਠਿੰਡਾ ਸ਼ਹਿਰ ਤੇ ਸੰਗਤ ਮੰਡੀ ਵਿੱਚ ਧਰਨਿਆਂ ’ਚ ਸ਼ਮੂਲੀਅਤ ਕੀਤੀ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਵਿਚ ਰੋਸ ਧਰਨੇ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਨੁੰ ਦਰਪੇਸ਼ ਬਿਜਲੀ ਸੰਕਟ ਹੱਲ ਕਰਨ ਦੀ ਬਜਾਏ ਮੁੱਖ ਮੰਤਰੀ ਕਾਂਗਰਸੀਆਂ ਨੂੰ ਪੰਜ ਤਾਰਾ ਦਾਅਵਤਾਂ ਦੇਣ ਵਿੱਚ ਵਿਅਸਤ ਹਨ।

ਰੂਪਨਗਰ ਵਿੱਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ’ਚ ਕਿਸਾਨਾਂ ਨੇ ਮੁਫ਼ਤ ਪੱਖੀ ਸੇਵਾ ਤਹਿਤ ਲੋਕਾਂ ਨੂੰ ਪੱਖੀਆਂ ਵੰਡ ਕੇ ਵਿਲੱਖਣ ਮੁਜ਼ਾਹਰਾ ਕੀਤਾ। ਇਸ ਦੌਰਾਨ ਸੂਬੇ ਭਰ ਵਿੱਚ ਅਕਾਲੀ ਦਲ ਤੇ ਬਸਪਾ ਆਗੂਆਂ ਦੇ ਨਾਲ ਆਮ ਲੋਕ ਵੀ ਸੜਕਾਂ ’ਤੇ ਉਤਰ ਆਏ ਅਤੇ ਪਾਵਰਕੌਮ ਦਫ਼ਤਰਾਂ ਮੂਹਰੇ ਰੋਸ ਮੁਜ਼ਾਹਰੇ ਕੀਤੇ ਗਏ। ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਫ਼ਰੀਦਕੋਟ ਵਿੱਚ ਧਰਨੇ ’ਚ ਸ਼ਾਮਲ ਹੋਏ।

Leave a Reply

Your email address will not be published. Required fields are marked *