ਸਿੱਧੂ ਨੇ ਕੈਪਟਨ ਨੂੰ ਬਿਜਲੀ ਕੱਟਾਂ ਨਾਲ ਨਜਿੱਠਣ ਦਾ ਫ਼ਾਰਮੂਲਾ ਦੱਸਿਆ

ਚੰਡੀਗੜ੍ਹ: ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਕੀਮਤਾਂ ਅਤੇ ਵਿਘਨਮਈ ਬਿਜਲੀ ਸਪਲਾਈ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਮੁੜ ਹੱਲਾ ਬੋਲਿਆ ਹੈ। ਸਿੱਧੂ ਨੇ ਅੱਜ ਉਪਰੋਥਲੀ ਟਵੀਟ ਕਰਕੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਹੈ ਕਿ ਕਿਵੇਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਅਤੇ 24 ਘੰਟੇ ਬਿਜਲੀ ਦਿੱਤੀ ਜਾ ਸਕਦੀ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਮੀਟਿੰਗ ਮਗਰੋਂ ਨਵਜੋਤ ਸਿੱਧੂ ਵੱਲੋਂ ਇੰਜ ਆਪਣੀ ਸਰਕਾਰ ਦੀ ਮੁੜ ਘੇਰਾਬੰਦੀ ਦੇ ਕਾਰਨਾਂ ਨੂੰ ਲੈ ਕੇ ਵੀ ਚਰਚੇ ਛਿੜੇ ਹੋਏ ਹਨ। ਨਵਜੋਤ ਸਿੱਧੂ ਨੇ ਬਿਜਲੀ ਖਰੀਦ ਸਮਝੌਤਿਆਂ ਨੂੰ ਅਸਰਹੀਣ ਕਰਨ ਦਾ ਰਸਤਾ ਦੱਸਿਆ ਹੈ। ਉਨ੍ਹਾਂ ਟਵੀਟ ਕੀਤਾ ਕਿ ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਖਰੀਦ ਸਮਝੌਤੇ ਪੰਜਾਬ ਦੇ ਲੋਕ ਹਿੱਤਾਂ ਦੇ ਉਲਟ ਭੁਗਤ ਰਹੇ ਹਨ ਪ੍ਰੰਤੂ ਅਦਾਲਤਾਂ ਵੱਲੋਂ ਮਿਲੀ ਸੁਰੱਖਿਆ ਕਰਕੇ ਭਾਵੇਂ ਪੰਜਾਬ ਇਨ੍ਹਾਂ ਨੂੰ ਬਦਲ ਨਹੀਂ ਸਕਦਾ ਪਰ ਇਸ ਸਮੱਸਿਆ ’ਚੋਂ ਸੌਖੇ ਤਰੀਕੇ ਨਾਲ ਬਾਹਰ ਨਿਕਲ ਸਕਦਾ ਹੈ। ਉਨ੍ਹਾਂ ਕਿਹਾ ਹੈ ਕਿ ਸੂਬਾ ਸਰਕਾਰ ਵਿਧਾਨ ਸਭਾ ਵਿਚ ਇੱਕ ਨਵਾਂ ਕਾਨੂੰਨ ਲਿਆ ਕੇ ਬਿਜਲੀ ਖਰੀਦ ਕੀਮਤਾਂ ਦੀ ਹੱਦ ਕੌਮੀ ਪਾਵਰ ਐਕਸਚੇਂਜ ਦੀਆਂ ਕੀਮਤਾਂ ਦੇ ਬਰਾਬਰ ਤੈਅ ਕਰਕੇ ਪਿਛਲੀ ਸਥਿਤੀ ਬਹਾਲ ਕਰ ਸਕਦੀ ਹੈ। ਕਾਨੂੰਨੀ ਸੋਧ ਨਾਲ ਇਹ ਸਮਝੌਤੇ ਬੇਅਸਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਸਮਝੌਤਿਆਂ ਦੀਆਂ ਨੁਕਸਦਾਰ ਧਾਰਾਵਾਂ ਕਰਕੇ ਸੂਬੇ ਨੂੰ ਆਉਣ ਵਾਲੇ ਸਾਲਾਂ ਵਿਚ 65 ਹਜ਼ਾਰ ਕਰੋੜ ਰੁਪਏ ਹੋਰ ਅਦਾ ਕਰਨ ਪੈਣਗੇ। ਸਿੱਧੂ ਨੇ ਇਹ ਵੀ ਕਿਹਾ ਕਿ ਜੇਕਰ ਸਹੀ ਦਿਸ਼ਾ ਵਿਚ ਕਦਮ ਪੁੱਟੇ ਜਾਣ ਤਾਂ ਪੰਜਾਬ ਵਿਚ ਬਿਜਲੀ ਕੱਟਾਂ ਤੋਂ ਇਲਾਵਾ ਮੁੱਖ ਮੰਤਰੀ ਨੂੰ ਦਫ਼ਤਰਾਂ ਦਾ ਸਮਾਂ ਅਤੇ ਆਮ ਲੋਕਾਂ ਦੇ ਏਸੀ ਚਲਾਉਣ ਨੂੰ ਨਿਯਮਤ ਕਰਨ ਦੀ ਕੋਈ ਲੋੜ ਨਹੀਂ ਪਵੇਗੀ।

ਨਵਜੋਤ ਸਿੱਧੂ ਨੇ ਦੱਸਿਆ ਕਿ ਪੰਜਾਬ ਇਸ ਵੇਲੇ ਬਿਜਲੀ ਔਸਤਨ 4.54 ਰੁਪਏ ਪ੍ਰਤੀ ਯੂਨਿਟ ਖਰੀਦ ਰਿਹਾ ਹੈ ਜਦੋਂ ਕਿ ਕੌਮੀ ਔਸਤ 3.85 ਰੁਪਏ ਪ੍ਰਤੀ ਯੂਨਿਟ ਹੈ। ਚੰਡੀਗੜ੍ਹ ਵਿਚ ਇਹ ਰੇਟ 3.44 ਰੁਪਏ ਪ੍ਰਤੀ ਯੂਨਿਟ ਹੈ। ਅਜਿਹਾ ਪ੍ਰਾਈਵੇਟ ਥਰਮਲਾਂ ’ਤੇ ਹੱਦੋਂ ਵੱਧ ਨਿਰਭਰਤਾ ਕਾਰਨ ਹੋਇਆ ਹੈ ਕਿ ਪੰਜਾਬ ਨੂੰ ਔਸਤਨ 5 ਤੋਂ 8 ਰੁਪਏ ਪ੍ਰਤੀ ਯੂਨਿਟ ਕੀਮਤ ਦੇਣੀ ਪੈ ਰਹੀ ਹੈ।

ਸਿੱਧੂ ਨੇ ਕਿਹਾ ਕਿ ਇਵੇਂ ਹੀ ਸੂਬੇ ਅੰਦਰ ਸੂਰਜੀ ਅਤੇ ਜੈਵਿਕ ਊਰਜਾ ਦੀ ਸਮਰੱਥਾ ਨੂੰ ਅਜੇ ਤੱਕ ਪੂਰੀ ਤਰ੍ਹਾਂ ਨਾਲ ਵਰਤਿਆ ਨਹੀਂ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੂਬਾ ਪਹਿਲਾਂ ਹੀ 9000 ਕਰੋੜ ਰੁਪਏ ਬਿਜਲੀ ਸਬਸਿਡੀ ਦਿੰਦਾ ਹੈ ਜਦੋਂ ਕਿ ਦਿੱਲੀ ਸਿਰਫ਼ 1699 ਕਰੋੜ ਰੁਪਏ ਬਿਜਲੀ ਸਬਸਿਡੀ ਦਿੰਦੀ ਹੈ। ‘ਜੇ ਪੰਜਾਬ ਨੇ ਦਿੱਲੀ ਮਾਡਲ ਦੀ ਨਕਲ ਕੀਤੀ ਤਾਂ ਸਾਨੂੰ ਮੁਸ਼ਕਲ ਨਾਲ 1600 ਤੋਂ 2000 ਕਰੋੜ ਰੁਪਏ ਦੀ ਸਬਸਿਡੀ ਮਿਲੇਗੀ। ਸੂਬੇ ਨੂੰ ਕਿਸੇ ਦੀ ਨਕਲ ਕਰਨ ਦੀ ਥਾਂ ‘ਪੰਜਾਬ ਮਾਡਲ’ ਹੀ ਅਪਣਾਉਣਾ ਚਾਹੀਦਾ ਹੈ।’

ਪਟਿਆਲਾ: ਗਾਂਧੀ ਪਰਿਵਾਰ ਦੇ ਸੱਦੇ ’ਤੇ 29 ਜੂਨ ਨੂੰ ਦਿੱਲੀ ਪੁੱਜੇ ਨਵਜੋਤ ਸਿੰਘ ਸਿੱਧੂ, ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੂੰ ਮਿਲ ਕੇ ਚਾਰ ਦਿਨਾਂ ਮਗਰੋਂ ਅੱਜ ਸ਼ਾਮ ਪਟਿਆਲਾ ਪਹੁੰਚ ਗਏ। ਦਿੱਲੀ ਫੇਰੀ ਦੌਰਾਨ ਰਾਹੁਲ ਤੇ ਪ੍ਰਿਯੰਕਾ ਨਾਲ ਹੋਈ ਮੁਲਾਕਾਤ ਤੋਂ ਬਾਅਦ ਉਨ੍ਹਾਂ ਅੱਜ ਮੁੜ ਆਪਣੀ ਹੀ ਪਾਰਟੀ ਦੀ ਸੂਬਾ ਸਰਕਾਰ ਖ਼ਿਲਾਫ਼ ਬਿਜਲੀ ਦੇ ਮਾਮਲੇ ਨੂੰ ਲੈ ਕੇ ਮੋਰਚਾ ਖੋਲ੍ਹ ਦਿੱਤਾ ਹੈ।

ਮਾਲ ਮੰਤਰੀ ਕਾਂਗੜ ਕਦੋਂ ਤਾਰਨਗੇ ਬਿੱਲ?

ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਵੀ ਦੋ ਖੇਤੀ ਮੋਟਰਾਂ ਦਾ ਬਿੱਲ ਨਹੀਂ ਭਰਿਆ ਹੈ। ਉਨ੍ਹਾਂ 29 ਸਤੰਬਰ 2018 ਨੂੰ ਆਪਣੀਆਂ ਦੋ ਖੇਤੀ ਮੋਟਰਾਂ ਦੀ ਬਿਜਲੀ ਸਬਸਿਡੀ ਸਵੈ ਇੱਛਾ ਨਾਲ ਤਿਆਗਣ ਦਾ ਐਲਾਨ ਕੀਤਾ ਸੀ ਅਤੇ ਲਿਖਤੀ ਰੂਪ ਵਿਚ ਪਾਵਰਕੌਮ ਨੂੰ ਦਿੱਤਾ ਸੀ। ਪਾਵਰਕੌਮ ਦੀ ਇਸ ਸਾਲ 21 ਜੂਨ ਦੀ ਰਿਪੋਰਟ ਅਨੁਸਾਰ ਕਾਂਗੜ ਦੇ ਖੇਤਾਂ ਵਿਚ ਮੋਟਰਾਂ ਦੇ ਦੋਵੇਂ ਕੁਨੈਕਸ਼ਨ ਸਾਢੇ ਸੱਤ-ਸੱਤ ਹਾਰਸ ਪਾਵਰ ਦੇ ਹਨ ਜਿਨ੍ਹਾਂ ਦਾ ਹੁਣ ਤੱਕ ਦਾ ਕੁੱਲ ਬਿਜਲੀ ਬਿੱਲ 1.48 ਲੱਖ ਰੁਪਏ ਬਣਦਾ ਹੈ ਜੋ ਹਾਲੇ ਤੱਕ ਤਾਰਿਆ ਨਹੀਂ ਗਿਆ ਹੈ।

ਨਵਜੋਤ ਸਿੱਧੂ ਦੇ ਬਿੱਲਾਂ ਉੱਤੇ ਉਂਗਲ ਉੱਠੀ

ਵਿਧਾਇਕ ਨਵਜੋਤ ਸਿੱਧੂ ਖੁਦ ਆਪਣਾ ਬਿਜਲੀ ਬਿੱਲ ਨਾ ਤਾਰੇ ਜਾਣ ਕਰਕੇ ਨਵੇਂ ਵਿਵਾਦ ਵਿਚ ਘਿਰ ਗਏ ਹਨ। ਪਾਵਰਕੌਮ ਦਾ ਅੰਮ੍ਰਿਤਸਰ ਵਿਚਲੀ ਰਿਹਾਇਸ਼ ਦਾ ਨਵਜੋਤ ਸਿੱਧੂ ਵੱਲ 8,74,784 ਰੁਪਏ ਬਕਾਇਆ ਖੜ੍ਹਾ ਹੈ। ਅੰਮ੍ਰਿਤਸਰ ਦੇ ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮਾਰਚ ਵਿਚ ਸਿੱਧੂ ਵੱਲ 17.62 ਲੱਖ ਰੁਪਏ ਦੀ ਬਕਾਇਆ ਰਾਸ਼ੀ ਖੜ੍ਹੀ ਸੀ। ਜਦੋਂ ਪਾਵਰਕੌਮ ਨੇ ਵਿਸ਼ੇਸ਼ ਮੁਹਿੰਮ ਛੇੜੀ ਸੀ ਤਾਂ ਉਦੋਂ ਸਿੱਧੂ ਨੇ 10 ਲੱਖ ਰੁਪਏ ਦੀ ਰਾਸ਼ੀ ਭਰ ਦਿੱਤੀ ਸੀ ਜਦੋਂ ਕਿ ਬਾਕੀ ਰਾਸ਼ੀ ਬਾਰੇ ਓਟੀਐਸ ’ਚ ਸੈਂਟਲਮੈਂਟ ਲਈ ਕੇਸ ਲਗਾ ਦਿੱਤਾ ਸੀ ਕਿਉਂਕਿ ਸਿੱਧੂ ਨੂੰ ਬਿਜਲੀ ਬਿੱਲ ਦੇ ਸਰਚਾਰਜ ਬਾਰੇ ਖਦਸ਼ੇ ਸਨ।

Leave a Reply

Your email address will not be published. Required fields are marked *