ਜਬਰੀ ਸਰੂਪ ਲਿਜਾਣ ਵਾਲਿਆਂ ਖ਼ਿਲਾਫ਼ ਕਾਰਵਾਈ ਮੰਗੀ

ਅੰਮ੍ਰਿਤਸਰ: ਰਣਜੀਤ ਐਵੇਨਿਊ ਦੇ ਇੱਕ ਸਿੱਖ ਪਰਿਵਾਰ ਦੇ ਘਰੋਂ ਜਬਰੀ ਸਰੂਪ ਲਿਜਾਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਅਤੇ ਸਤਿਕਾਰ ਕਮੇਟੀ ਮੁੜ ਆਹਮੋ-ਸਾਹਮਣੇ ਆ ਗਏ ਹਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੱਜ ਪੁਲੀਸ ਕਮਿਸ਼ਨਰ ਨੂੰ ਮਿਲਣ ਮਗਰੋਂ ਜਬਰੀ ਸਰੂਪ ਲਿਜਾਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ, ਸਰੂਪ ਸਿੱਖ ਪਰਿਵਾਰ ਨੂੰ ਵਾਪਸ ਦਿਵਾਉਣ ਅਤੇ ਧਾਰਮਿਕ ਮਾਮਲਿਆਂ ਵਿਚ ਪੁਲੀਸ ਦੀ ਦਖਲਅੰਦਾਜ਼ੀ ਬੰਦ ਕਰਵਾਉਣ ਦੀ ਅਪੀਲ ਕੀਤੀ।

ਬੀਬੀ ਕਿਰਨਜੋਤ ਕੌਰ ਨੇ ਕਿਹਾ ਕਿ ਬੀਤੀ 2 ਜੂਨ ਨੂੰ ਸਤਿਕਾਰ ਕਮੇਟੀ ਦੇ 15-20 ਮੈਂਬਰ ਸਥਾਨਕ ਰਣਜੀਤ ਐਵੇਨਿਊ ਦੇ ਇੱਕ ਸਿੱਖ ਪਰਿਵਾਰ ਦੇ ਘਰ ਜਬਰੀ ਦਾਖ਼ਲ ਹੋਏ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਾਲ ਲੈ ਗਏ। ਇਹ ਸਰੂਪ ਨਾ ਤਾਂ ਅਕਾਲ ਤਖ਼ਤ ਅਤੇ ਨਾ ਹੀ ਗੁਰਦੁਆਰਾ ਰਾਮਸਰ ਸਾਹਿਬ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਪੜਤਾਲ ਕਰਵਾਈ ਗਈ, ਜਿਸ ਵਿਚ ਇਹ ਤੱਥ ਸਾਹਮਣੇ ਆਏ ਕਿ ਪਰਿਵਾਰ ਗੁਰਸਿੱਖ ਹੈ ਅਤੇ ਮਰਿਆਦਾ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਸੰਭਾਲ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਤਿਕਾਰ ਕਮੇਟੀ ਦੇ ਆਗੂ ਤੇਜਬੀਰ ਸਿੰਘ ਨੂੰ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਇਲਾਕੇ ਦੇ ਐੱਸਐੱਚਓ ਦੀ ਸਹਿਮਤੀ ਨਾਲ ਇਸ ਘਰ ਵਿਚ ਦਾਖ਼ਲ ਹੋਏ ਸਨ। ਉਨ੍ਹਾਂ ਕਿਹਾ ਕਿ ਪੁਲੀਸ ਦਾ ਧਾਰਮਿਕ ਖੇਤਰ ’ਚ ਦਖ਼ਲ ਤੁਰੰਤ ਰੋਕਣਾ ਚਾਹੀਦਾ ਹੈ। ਇਸ ਮੌਕੇ ਪ੍ਰਿਤਪਾਲ ਸਿੰਘ, ਨਰਿੰਦਰ ਸਿੰਘ, ਪਲਵਿੰਦਰ ਸਿੰਘ, ਸੁਰਿੰਦਰ ਸਿੰਘ, ਪਰਉਪਕਾਰ ਸਿੰਘ, ਗੁਰਬਖ਼ਸ਼ ਸਿੰਘ ਬੇਦੀ ਤੇ ਹੋਰ ਹਾਜ਼ਰ ਸਨ।

Leave a Reply

Your email address will not be published. Required fields are marked *