ਕਿਸਾਨਾਂ ਵੱਲੋਂ ਦਿੱਲੀ-ਚੰਡੀਗੜ੍ਹ ਮਾਰਗ ਸੱਤ ਘੰਟੇ ਲਈ ਜਾਮ

ਪਟਿਆਲਾ/ਰਾਜਪੁਰਾ: ਰਾਜਪੁਰਾ ਵਿੱਚ ਭਾਜਪਾ ਆਗੂਆਂ ਨੂੰ ਬੰਦੀ ਬਣਾਉਣ, ਪੁਲੀਸ ਦੀ ਗੱਡੀ ਅਤੇ ਕਾਂਸਟੇਬਲ ਦੀ ਨੱਕ ਦੀ ਹੱਡੀ ਤੋੜਨ ਸਬੰਧੀ ਦਰਜ ਕੇਸ ’ਚ ਕਿਸਾਨਾਂ ਦੀ ਫੜੋ-ਫੜੀ ਦੇ ਵਿਰੋਧ ਵਿਚ ਸੈਂਕੜੇ ਕਿਸਾਨਾਂ ਨੇ ਅੱਜ ਰਾਜਪੁਰਾ ਦੇ ਗਗਨ ਚੌਕ ਵਿਚ ਧਰਨਾ ਮਾਰ ਕੇ ਦਿੱਲੀ ਤੇ ਚੰਡੀਗੜ੍ਹ ਨੂੰ ਜਾਂਦੇ ਹਾਈਵੇਅ ਲਗਾਤਾਰ ਸੱਤ ਘੰਟੇ ਜਾਮ ਰੱਖੇ। ਇਸ ਕਾਰਨ ਪੁਲੀਸ ਨੂੰ ਆਵਾਜਾਈ ਲਈ ਬਦਲਵੇਂ ਪ੍ਰਬੰਧ ਕਰਨੇ ਪਏ। ਇਸ ਦੇ ਬਾਵਜੂਦ ਦੋਵਾਂ ਮਾਰਗਾਂ ’ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ। ਦਿਨ ਢਲਣ ਦੇ ਬਾਵਜੂਦ ਜਦੋਂ ਕਿਸਾਨਾਂ ਦੀ ਰਿਹਾਈ ਦੇ ਆਸਾਰ ਨਾ ਬਣਦੇ ਦਿਖੇ ਤਾਂ ਕਿਸਾਨਾਂ ਨੇ ਪਿੰਡਾਂ ਵਿਚਲੇ ਰਾਹ ਰੋਕਣ ਦਾ ਵੀ ਐਲਾਨ ਕਰ ਦਿੱਤਾ। ਇਸ ਮਗਰੋਂ ਹਰਕਤ ’ਚ ਆਉਂਦਿਆਂ ਪੁਲੀਸ ਨੇ ਹਿਰਾਸਤ ’ਚ ਲਏ ਦਰਜਨ ਭਰ ਕਿਸਾਨਾਂ ਅਤੇ ਹੋਰਾਂ ਨੂੰ ਰਿਹਾਅ ਕਰ ਦਿੱਤਾ। ਇਸ ਮਗਰੋਂ ਹੀ ਕਿਸਾਨਾਂ ਨੇ ਧਰਨਾ ਚੁੱਕਿਆ। ਕਤਾਰਾਂ ਲੰਬੀਆਂ ਹੋਣ ਕਰ ਕੇ ਆਵਾਜਾਈ ਦੀ ਮੁਕੰਮਲ ਬਹਾਲੀ ’ਚ ਦੋ ਘੰਟੇ ਤੋਂ ਵੀ ਵੱਧ ਸਮਾਂ ਲੱਗਿਆ।

ਜ਼ਿਕਰਯੋਗ ਹੈ ਕਿ ਰਾਜਪੁਰਾ ਵਿਚਲੀ ਇੱਕ ਕੋਠੀ ’ਚ ਕਿਸਾਨਾਂ ਵੱਲੋਂ ਐਤਵਾਰ ਸ਼ਾਮੀ ਬੰਦੀ ਬਣਾਏ ਭਾਜਪਾ ਦੇ ਦਰਜਨ ਭਰ ਆਗੂਆਂ ਨੂੰ ਪੁਲੀਸ ਨੇ ਸੋਮਵਾਰ ਤੜਕੇ ਚਾਰ ਵਜੇ ਕੋਠੀ ’ਚੋਂ ਕੱਢਿਆ ਸੀ। ਇਸ ਦੌਰਾਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਖਿੱਚੋਤਾਣ ਵੀ ਹੋਈ। ਇਸ ਦੌਰਾਨ ਹੋਏ ਹਲਕੇ ਪਥਰਾਅ ਕਾਰਨ ਇੱਕ ਇੰਸਪੈਕਟਰ ਦੀ ਗੱਡੀ ਭੰਨੀ ਗਈ ਤੇ ਰੋੜਾ ਵੱਜਣ ਕਾਰਨ ਇੱਕ ਸਿਪਾਹੀ ਵੀ ਜਖ਼ਮੀ ਹੋ ਗਿਆ ਸੀ। ਉਂਜ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਥਰਾਅ ਕਿਸਾਨਾਂ ਨੇ ਨਹੀਂ, ਬਲਕਿ ਕਿਸਾਨਾਂ ’ਚ ਬਾਹਰੋਂ ਰਲ਼ੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਸੀ।

ਉੱਧਰ, ਇਨ੍ਹੀਂ ਦਿਨੀਂ ਕਿਸਾਨ ਸੰਘਰਸ਼ ’ਚ ਸਰਗਰਮ ਕਾਂਗਰਸ ਆਗੂ ਮਨਜੀਤ ਸਿੰਘ ਘੁਮਾਣਾ ਸਣੇ ਹੈਪੀ ਹਸਨਪੁਰ ਖੈਰਪੁਰ ਤੇ ਵਿਵੇਕ ਜਿੰਮਵਾਲਾ ਸਣੇ ਡੇਢ ਸੌ ਹੋਰ ਅਣਪਛਾਤਿਆਂ ਖ਼ਿਲਾਫ਼ ਥਾਣਾ ਸਿਟੀ ਰਾਜਪੁਰਾ ਵਿਚ ਕੱਲ੍ਹ ਹੀ ਕੇਸ ਦਰਜ ਕਰ ਕੇ ਲੰਘੀ ਰਾਤ ਨੌਂ ਜਣਿਆਂ ਨੂੰ ਚੁੱਕ ਵੀ ਲਿਆ ਸੀ। ਇਨ੍ਹਾਂ ਦੀ ਤੁਰੰਤ ਰਿਹਾਈ, ਗ੍ਰਿਫ਼ਤਾਰੀਆਂ ਦਾ ਸਿਲਸਿਲਾ ਬੰਦ ਕਰਨ ਅਤੇ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਮੰਗਲ਼ਵਾਰ ਸਵੇਰੇ ਗਗਨ ਚੌਕ ਰਾਜਪੁਰਾ ’ਚ ਇਹ ਧਰਨਾ ਮਾਰਿਆ ਸੀ। ਭਾਵੇਂ ਕਿ ਪਹਿਲਾਂ ਪੁਲੀਸ ਰਿਹਾਈ ਨਾ ਕਰਨ ਲਈ ਬਜ਼ਿੱਦ ਸੀ ਪਰ ਕਿਸਾਨਾਂ ਦਾ ਦਬਾਅ ਵਧਦਾ ਦੇਖ ਆਖ਼ਰ ਪੌਣੇ ਛੇ ਵਜੇ ਸਾਰੇ ਨੌਂ ਜਣੇ ਪੁਲੀਸ ਨੇ ਰਾਜਪੁਰਾ ਸ਼ਹਿਰ ਤੋਂ ਬਾਹਰਲੇ ਇੱਕ ਖੇਤਰ ਵਿਚ ਕਿਸਾਨ ਆਗੂ ਮਾਨ ਸਿੰਘ ਲੰਬੜਦਾਰ ਤੇ ਕੁਝ ਹੋਰਾਂ ਦੇ ਸਪੁਰਦ ਕਰ ਦਿੱਤੇ ਗਏ। ਇਸ ਮਗਰੋਂ ਹੀ ਕਿਸਾਨਾਂ ਨੇ ਧਰਨਾ ਚੁੱਕਿਆ। ਇਸ ਧਰਨੇ ਦੀ ਅਗਵਾਈ ਕਰਨ ਵਾਲਿਆਂ ਵਿਚ ਮਾਨ ਸਿੰਘ ਰਾਜਪੁਰਾ, ਬਹਾਦਰ ਖੈਰਪੁਰ, ਹਰਜੀਤ ਟਹਿਲਪੁਰਾ, ਇਕਬਾਲ ਮੰਡੌਲੀ, ਗਿਆਨ ਸਿੰਘ ਰਾਏਪੁਰ, ਕਰਨੈਲ ਲੰਗ, ਜਸਦੇਵ ਨੂਗੀ, ਰਣਜੀਤ ਸਵਾਜਪੁਰ, ਇੰਦਰਮੋਹਣ ਘੁਮਾਣਾ, ਸੁਰਿੰਦਰਪਾਲ ਗੌਂਸਪੁਰਾ ਆਦਿ ਸ਼ਾਮਲ ਸਨ। ਉਧਰ, ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਗੜ੍ਹੀ, ਨਰਦੇਵ ਆਕੜੀ, ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਹੈਰੀ ਮੁਖਮੈਲਪੁਰ, ਸੁਖਵਿੰਦਰ ਜੋਗੀਪੁਰ, ਸੁਰਿੰਦਰ ਘੁਮਾਣਾ ਆਦਿ ਨੇ ਵੀ ਕਿਸਾਨਾਂ ਦੇ ਧਰਨੇ ਦੀ ਹਮਾਇਤ ਕਰਦਿਆਂ ਕੇਸ ਰੱਦ ਕਰਨ ’ਤੇ ਜ਼ੋਰ ਦਿੱਤਾ।

Leave a Reply

Your email address will not be published. Required fields are marked *