ਭਾਜਪਾ ਆਗੂਆਂ ਦੇ ਮੁਆਫ਼ੀ ਮੰਗਣ ਮਗਰੋਂ ਕਿਸਾਨਾਂ ਦਾ ਪ੍ਰਦਰਸ਼ਨ ਸਮਾਪਤ

ਚੰਡੀਗੜ੍ਹ: ਹਰਿਆਣਾ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਅਤੇ ਜੇਜੇਪੀ ਆਗੂਆਂ ਦੇ ਕੀਤੇ ਜਾ ਰਹੇ ਵਿਰੋਧ ਦੌਰਾਨ 10 ਜਲਾਈ ਨੂੰ ਹਿਸਾਰ ਵਿੱਚ ਭਾਜਪਾ ਦੇ ਸੂਬਾ ਪੱਧਰੀ ਸਮਾਗਮ ਵਿੱਚ ਮਹਿਲਾ ਕਿਸਾਨਾਂ ਨੂੰ ਕਥਿਤ ਤੌਰ ’ਤੇ ਅਸ਼ਲੀਲ ਇਸ਼ਾਰਾ ਕਰਨ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਵੱਲੋਂ 13 ਜੁਲਾਈ ਤੋਂ ਰੋਹਤਕ ਵਿੱਚ ਸਾਬਕਾ ਮੰਤਰੀ ਮਨੀਸ਼ ਗਰੋਵਰ ਦੇ ਘਰ ਦਾ ਘਿਰਾਓ ਕੀਤਾ ਜਾ ਰਿਹਾ ਸੀ। ਕਿਸਾਨਾਂ ਨੇ ਮਨੀਸ਼ ਗਰੋਵਰ ਵੱਲੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਘਰ ਮੂਹਰੇ ਟੈਂਟ ਲਗਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਸੀ। ਲੰਘੀ ਦੇਰ ਰਾਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਭਾਜਪਾ ਆਗੂਆਂ ਨਾਲ ਮੀਟਿੰਗ ਕਰਵਾ ਕੇ ਮਾਮਲਾ ਖ਼ਤਮ ਕਰਵਾ ਦਿੱਤਾ ਹੈ। ਇਸ ਦੌਰਾਨ ਭਾਜਪਾ ਆਗੂਆਂ ਨੇ ਕਿਸਾਨਾਂ ਤੋਂ ਮੁਆਫ਼ੀ ਮੰਗ ਲਈ ਹੈ। ਇਸ ਬਾਰੇ ਪਹਿਲਾਂ ਵੀ ਸਾਬਕਾ ਮੰਤਰੀ ਮਨੀਸ਼ ਗਰੋਵਰ ਨੇ ਵੀਡੀਓ ਜਾਰੀ ਕਰ ਕੇ ਆਪਣੀ ਸਫ਼ਾਈ ਦਿੱਤੀ ਸੀ ਅਤੇ ਕਿਸਾਨਾਂ ਤੋਂ ਮੁਆਫ਼ੀ ਮੰਗ ਲਈ ਸੀ।

ਦੱਸਣਯੋਗ ਹੈ ਕਿ 10 ਜੁਲਾਈ ਨੂੰ ਹਿਸਾਰ ਵਿੱਚ ਕਿਸਾਨ ਜਥੇਬੰਦੀਆਂ ਨੇ ਭਾਜਪਾ ਦੇ ਸਮਾਗਮ ਦਾ ਵਿਰੋਧ ਕੀਤਾ ਸੀ। ਇਸ ਦੌਰਾਨ ਸਾਬਕਾ ਮੰਤਰੀ ਦੀ ਗੱਡੀ ਵਿੱਚ ਬੈਠੇ ਲੋਕਾਂ ਨੇ ਮਹਿਲਾ ਕਿਸਾਨ ਆਗੂਆਂ ਨੂੰ ਅਸ਼ਲੀਲ ਇਸ਼ਾਰਾ ਕੀਤਾ, ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਹਾਂਸੀ ਤੋਂ ਵਿਧਾਇਕ ਵਿਨੋਦ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਵਿਧਾਇਕ ਨੇ ਕਿਸਾਨਾਂ ਤੋਂ ਮੁਆਫ਼ੀ ਮੰਗ ਲਈ ਸੀ। ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮਨੀਸ਼ ਗਰੋਵਰ ਦੇ ਘਰ ਦਾ ਘਿਰਾਓ ਕਰਦਿਆਂ ਸਾਬਕਾ ਮੰਤਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ।

ਕਿਸਾਨਾਂ ਦੇ ਵਿਰੋਧ ਦੌਰਾਨ ਹੀ ਸਾਬਕਾ ਮੰਤਰੀ ਮਨੀਸ਼ ਗਰੋਵਰ ਨੇ 13 ਜੁਲਾਈ ਨੂੰ ਇਕ ਵੀਡੀਓ ਜਾਰੀ ਕਰ ਕੇ ਆਪਣੀ ਸਫ਼ਾਈ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਅੰਦੋਲਨ ਵਿੱਚ ਸ਼ਾਮਲ ਸਾਰੀਆਂ ਔਰਤਾਂ ਉਨ੍ਹਾਂ ਦੀਆਂ ਧੀਆਂ-ਭੈਣਾਂ ਹਨ। ਜੇਕਰ ਕਿਸੇ ਨੂੰ ਲੱਗਿਆ ਹੋਵੇ ਕਿ ਉਨ੍ਹਾਂ ਦੀ ਗੱਡੀ ਵਿੱਚ ਬੈਠੇ ਕਿਸੇ ਵੀ ਵਿਅਕਤੀ ਨੇ ਅਸ਼ਲੀਲ ਇਸ਼ਾਰਾ ਕੀਤਾ ਹੈ ਤਾਂ ਉਸ ਲਈ ਉਹ ਮੁਆਫੀ ਮੰਗਦੇ ਹਨ। ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਮੰਗ ਕੀਤੀ ਸੀ ਕਿ ਮਨੀਸ਼ ਗਰੋਵਰ ਵੀਡੀਓ ਰਾਹੀਂ ਨਹੀਂ ਬਲਕਿ ਕਿਸਾਨਾਂ ਦੇ ਵਿੱਚ ਆ ਕੇ ਮੁਆਫ਼ੀ ਮੰਗਣ। ਰੋਹਤਕ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਅਤੇ ਭਾਜਪਾ ਆਗੂਆਂ ਵਿਚਾਲੇ ਮੀਟਿੰਗ ਕਰਵਾ ਕੇ ਅੱਜ ਧਰਨਾ ਸਮਾਪਤ ਕਰਵਾ ਦਿੱਤਾ ਹੈ।

Leave a Reply

Your email address will not be published. Required fields are marked *