ਸਟੱਡੀ ਵੀਜ਼ਾ: ਪੰਜਾਬ ’ਚੋਂ ਉੱਡੇ ਭਰ-ਭਰ ਜਹਾਜ਼…

ਚੰਡੀਗੜ੍ਹ: ‘ਸਟੂਡੈਂਟ ਵੀਜ਼ਾ’ ਦੇ ਰੁਝਾਨ ਵੱਲ ਵੇਖੀਏ ਤਾਂ ਇੰਜ ਜਾਪਦਾ ਹੈ ਕਿ ਜਿਵੇਂ ਹੁਣ ਪੰਜਾਬ ਖਾਲੀ ਹੋ ਗਿਆ ਹੋਵੇ। ਲੰਘੇ ਪੰਜ ਵਰ੍ਹਿਆਂ ’ਚ 2.62 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਪੰਜਾਬ ਛੱਡ ਚੁੱਕੇ ਹਨ। ‘ਘਰ-ਘਰ ਰੁਜ਼ਗਾਰ’ ਦਾ ਨਾਅਰਾ ਵੀ ਜਵਾਨੀ ਦੇ ਰਾਹ ਨਹੀਂ ਰੋਕ ਸਕਿਆ। ਸਟੂਡੈਂਟ ਵੀਜ਼ਾ ਲੈਣ ’ਚ ਦੇਸ਼ ਭਰ ’ਚੋਂ ਪੰਜਾਬ ਦਾ ਦੂਜਾ ਨੰਬਰ ਹੈ ਜਦੋਂ ਕਿ ਸਾਲ 2019 ’ਚ ਪੰਜਾਬ ਨੇ ਸਟੱਡੀ ਵੀਜ਼ੇ ਲੈਣ ’ਚ ਮੁਲਕ ’ਚੋਂ ਪਹਿਲਾ ਨੰਬਰ ਲਿਆ। ਜੇਕਰ ਕੋਵਿਡ ਮਹਾਮਾਰੀ ਅੜਿੱਕਾ ਨਾ ਬਣਦੀ ਤਾਂ ਰਫਤਾਰ ਨੂੰ ਠੱਲ੍ਹ ਨਹੀਂ ਪੈਣੀ ਸੀ।

ਬਿਊਰੋ ਆਫ ਇਮੀਗ੍ਰੇਸ਼ਨ ਦੇ ਤਾਜ਼ਾ ਵੇਰਵਿਆਂ ਅਨੁਸਾਰ ਪੰਜਾਬ ’ਚੋਂ ਸਟੱਡੀ ਵੀਜ਼ੇ ’ਤੇ ਜਨਵਰੀ 2016 ਤੋਂ ਫਰਵਰੀ 2021 ਤੱਕ 2.62 ਲੱਖ ਵਿਦਿਆਰਥੀ ਵਿਦੇਸ਼ ਜਾ ਚੁੱਕੇ ਹਨ। ਇਨ੍ਹਾਂ ਸਾਲਾਂ ’ਚ ਔਸਤਨ ਪੰਜਾਬ ’ਚੋਂ ਰੋਜ਼ਾਨਾ ਔਸਤਨ 140 ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਜਹਾਜ਼ ਚੜ੍ਹਦੇ ਰਹੇ। ਸਾਲ 2019 ਵਿਚ ਤਾਂ ਰੋਜ਼ਾਨਾ ਔਸਤਨ 201 ਵਿਦਿਆਰਥੀਆਂ ਨੇ ਵਿਦੇਸ਼ ਚਾਲੇ ਪਾਏ ਸਨ। ਅੱਜ ਤੱਕ ਇਸ ਅੰਕੜੇ ਦਾ ਭੇਤ ਸੀ ਜਦੋਂ ਕਿ ‘ਪੰਜਾਬੀ ਟ੍ਰਿਬਿਊਨ’ ਹੁਣ ਇਸ ਨੂੰ ਨਸ਼ਰ ਕਰ ਰਿਹਾ ਹੈ। ਇਹ ਅੰਕੜਾ ਹਾਕਮ ਜਮਾਤਾਂ ’ਤੇ ਵੀ ਉਂਗਲ ਉਠਾ ਰਿਹਾ ਹੈ ਜੋ ਰੁਜ਼ਗਾਰ ਦੇ ਦਾਅਵੇ ਕਰਦੀਆਂ ਹਨ।

ਪੰਜਾਬ ’ਚ ਕਰੀਬ 55 ਲੱਖ ਘਰ ਹੈ ਅਤੇ ਇਸ ਦੇ ਲਿਹਾਜ਼ ਨਾਲ ਵੇਖੀਏ ਤਾਂ ਪੰਜਾਬ ਦੇ ਔਸਤਨ ਹਰ 20ਵੇਂ ਘਰ ਦਾ ਜਵਾਨ ‘ਸਟੱਡੀ ਵੀਜ਼ਾ’ ’ਤੇ ਵਿਦੇਸ਼ ਪੜ੍ਹ ਰਿਹਾ ਹੈ। ਔਸਤਨ 15 ਲੱਖ ਰੁਪਏ ਪ੍ਰਤੀ ਵਿਦਿਆਰਥੀ ਖਰਚਾ ਮੰਨੀਏ ਤਾਂ ਪੰਜਾਬ ’ਚੋਂ ਲੰਘੇ ਪੰਜ ਵਰ੍ਹਿਆਂ ’ਚ 3930 ਕਰੋੜ ਰੁਪਏ ਦਾ ਸਰਮਾਇਆ ਵਿਦੇਸ਼ ਜਾ ਚੁੱਕਾ ਹੈ। ਪੰਜਾਬ ’ਚੋਂ ਸਾਲ 2016 ਮਗਰੋਂ ਸਟੱਡੀ ਵੀਜ਼ੇ ਨੇ ਰਫਤਾਰ ਫੜੀ ਸੀ। ਉਸ ਮਗਰੋਂ ਹੀ ਪੰਜਾਬ ’ਚ ਆਈਲੈੱਟਸ ਸੈਂਟਰਾਂ ਅਤੇ ਇਮੀਗ੍ਰੇਸ਼ਨ ਦਫਤਰਾਂ ਦਾ ਹੜ੍ਹ ਆਇਆ ਹੈ। ਤੱਥਾਂ ਅਨੁਸਾਰ ਸਮੁੱਚੇ ਦੇਸ਼ ’ਚੋਂ ਉਕਤ ਸਮੇਂ ਦੌਰਾਨ 21.96 ਵਿਦਿਆਰਥੀ ਵਿਦੇਸ਼ ਪੜ੍ਹਨ ਗਏ, ਜਿਸ ’ਚੋਂ 2.62 ਲੱਖ ਇਕੱਲੇ ਪੰਜਾਬ ਦੇ ਹਨ। ‘ਸਟੱਡੀ ਵੀਜ਼ਾ’ ਲੈਣ ਵਾਲਿਆਂ ’ਚ ਪੰਜਾਬ ਦੂਜੇ ਤੇ ਆਂਧਰਾ ਪ੍ਰਦੇਸ਼ ਪਹਿਲੇ ਨੰਬਰ ’ਤੇ ਹੈ। ਵੇਰਵਿਆਂ ਅਨੁਸਾਰ ਪੰਜਾਬ ’ਚੋਂ ਸਾਲ 2016 ਵਿਚ 36,743 ਵਿਦਿਆਰਥੀ, 2017 ਵਿਚ 52,160 ਵਿਦਿਆਰਥੀ, 2018 ਵਿਚ 60,331 ਵਿਦਿਆਰਥੀ,2019 ਵਿਚ 73574 ਅਤੇ ਸਾਲ 2020 ਵਿਚ 33,413 ਵਿਦਿਆਰਥੀ ਵਿਦੇਸ਼ ਪੜ੍ਹਨ ਵਾਸਤੇ ਗਏ ਹਨ। ਸਾਲ 2021 ਦੇ ਪਹਿਲੇ ਦੋ ਮਹੀਨਿਆਂ ਵਿਚ 5791 ਸਟੱਡੀ ਵੀਜ਼ੇ ’ਤੇ ਗਏ ਹਨ। ਅੰਕੜਿਆਂ ਅਨੁਸਾਰ ਸਾਲ 2016 ਵਿਚ ਪੰਜਾਬ ’ਚੋਂ ਔਸਤਨ ਰੋਜ਼ਾਨਾ 100 ਵਿਦਿਆਰਥੀ ਜਹਾਜ਼ ਚੜ੍ਹਦੇ ਸਨ ਅਤੇ ਦੇਸ਼ ’ਚੋਂ ਪੰਜਾਬ ਦਾ ਇਸ ਮਾਮਲੇ ’ਚ ਨੰਬਰ ਚੌਥਾ ਸੀ। ਸਾਲ 2017 ਵਿਚ ਪੰਜਾਬ ’ਚੋਂ ਔਸਤਨ ਰੋਜ਼ਾਨਾ 142 ਵਿਦਿਆਰਥੀ ਵਿਦੇਸ਼ ਪੜ੍ਹਨ ਗਏ ਅਤੇ ਮੁਲ਼ਕ ’ਚੋਂ ਪੰਜਾਬ ਤੀਜੇ ਨੰਬਰ ’ਤੇ ਆ ਗਿਆ। ਸਾਲ 2018 ਵਿਚ ਦੇਸ਼ ਭਰ ’ਚੋਂ ਪੰਜਾਬ ਦੂਜੇ ਨੰਬਰ ’ਤੇ ਪੁੱਜ ਗਿਆ। ਅੱਗੇ ਪੁਲਾਂਘ ਪੁੱਟਦਿਆਂ ਪੰਜਾਬ ਸਾਲ 2019 ਵਿਚ ਦੇਸ਼ ’ਚੋਂ ਪਹਿਲੇ ਨੰਬਰ ’ਤੇ ਪੁੱਜ ਗਿਆ ਅਤੇ ਇਸ ਸਾਲ ’ਚ ਪੰਜਾਬ ’ਚੋਂ ਰੋਜ਼ਾਨਾ ਵਿਦੇਸ਼ ਜਾਣ ਵਾਲੇ ਵਿਦਿਆਰਥੀ ਦੀ ਗਿਣਤੀ ਔਸਤਨ 201 ਰਹੀ। ਤੀਸਰੇ ਨੰਬਰ ’ਤੇ ਮਹਾਰਾਸ਼ਟਰ ਹੈ ਜਿਥੋਂ ਦੇ 2.54 ਲੱਖ ਵਿਦਿਆਰਥੀ ਵਿਦੇਸ਼ ਸਟੱਡੀ ਵੀਜ਼ੇ’ਤੇ ਗਏ ਹਨ।

ਗੁਆਂਢੀ ਸੂਬਾ ਹਰਿਆਣਾ ਦੇ ਪੰਜ ਸਾਲਾਂ ’ਚ ਸਿਰਫ 42,113 ਵਿਦਿਆਰਥੀ ਸਟੱਡੀ ਵੀਜ਼ੇ ’ਤੇ ਗਏ ਹਨ ਜਦੋਂ ਕਿ ਯੂ.ਪੀ ਵਰਗੇ ਵੱਡੀ ਆਬਾਦੀ ਵਾਲੇ ਸੂਬੇ ਦੇ 81,530 ਵਿਦਿਆਰਥੀ ਪੰਜ ਸਾਲਾਂ ’ਚ ਗਏ ਹਨ। ‘ਆਪ’ ਦੀ ਹਕੂਮਤ ਵਾਲੇ ਦਿੱਲੀ ਇਲਾਕੇ ’ਚੋਂ 1.54 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਗਏ ਹਨ ਜਦੋਂ ਕਿ ਚੰਡੀਗੜ੍ਹ ਯੂਟੀ ’ਚੋਂ ਪੰਜ ਸਾਲਾਂ ’ਚ 1.14 ਲੱਖ ਵਿਦਿਆਰਥੀ ਵਿਦੇਸ਼ ਗਏ ਹਨ।

ਜਵਾਹਰ ਲਾਲ ਨਹਿਰੂ ’ਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਦੇ ਪ੍ਰੋ. ਸੁਰਿੰਦਰ ਜੋਧਕਾ ਆਖਦੇ ਹਨ ਕਿ ਸਨਅਤੀਕਰਨ ਦੀ ਖੜੋਤ ਕਰਕੇ ਪੰਜਾਬ ਵਿਚ ਆਰਥਿਕ ਸਮਾਜਿਕ ਗਤੀਸ਼ੀਲਤਾ ਘਟੀ ਹੈ ਅਤੇ ਮੌਕਿਆਂ ਦੀ ਘਾਟ ਕਰਕੇ ਵਿਦਿਆਰਥੀ ਵਰਗ ਦਾ ਰੁਝਾਨ ਵਿਦੇਸ਼ ਵੱਲ ਵਧਿਆ ਹੈ। ਵਿਦੇਸ਼ ’ਚ ਸਟੇਟਸ ਕੋਈ ਮੈਟਰ ਨਹੀਂ ਕਰਦਾ ਜਿਸ ਕਰਕੇ ਇੱਥੋਂ ਦੇ ਸਰਦੇ ਪੁੱਜਦੇ ਵਿਦੇਸ਼ ਵਿਚ ਡਰਾਈਵਰੀ ਵਿੱਚ ਵੀ ਕੋਈ ਸ਼ਰਮ ਨਹੀਂ ਮੰਨਦੇ।

ਪੰਜਾਬੀ ’ਵਰਸਿਟੀ ਦੇ ਪੱਤਰ ਵਿਹਾਰ ਸਿੱਖਿਆ ਦੇ ਮੁਖੀ ਡਾ. ਸਤਨਾਮ ਸਿੰਘ ਸੰਧੂ ਦਾ ਕਹਿਣਾ ਸੀ ਕਿ ਅਸਲ ਵਿਚ ਸਮਾਜਿਕ-ਸਭਿਆਚਾਰਕ ਮੁਹਾਂਦਰਾ ਇਸ ਕਿਸਮ ਦਾ ਹੈ ਕਿ ਪੰਜਾਬੀ ਹਰ ਨਵੇਂ ਮੁਹਾਣ ਵੱਲ ਮੋਹਰੀ ਬਣਦੇ ਹਨ। ਉਨ੍ਹਾਂ ਕਿਹਾ ਕਿ ਵਰ੍ਹਿਆਂ ਦੀ ਧਾੜਵੀ ਕਲਚਰ ਦੀ ਪੈਦਾਇਸ਼ ਚੋਂ ਨਿਕਲਣ ਕਰਕੇ ਪੰਜਾਬੀਆਂ ਨੂੰ ਉਜੜਨ ਤੇ ਵਸਣ ’ਚ ਬਹੁਤੀ ਦਿੱਕਤ ਵੀ ਨਹੀਂ ਆਉਂਦੀ। ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਦੇ ਵਿਦੇਸ਼ ਜਾਣ ਪਿਛੇ ਇਹ ਕਾਰਨ ਵੀ ਹਨ।

Leave a Reply

Your email address will not be published. Required fields are marked *