ਮ੍ਰਿਤਕ ਕਿਸਾਨਾਂ ਦੇ 127 ਵਾਰਿਸਾਂ ਨੂੰ ਮਿਲੇਗੀ ਸਰਕਾਰੀ ਨੌਕਰੀ

ਚੰਡੀਗੜ੍ਹ: ਕੈਪਟਨ ਸਰਕਾਰ ਮੁਢਲੇ ਪੜਾਅ ’ਤੇ ‘ਕਿਸਾਨ ਘੋਲ’ ਦੇ ਮਰਨ ਵਾਲੇ ਕਿਸਾਨਾਂ ਦੇ 127 ਵਾਰਿਸਾਂ ਨੂੰ ਸਰਕਾਰੀ ਨੌਕਰੀ ਦੇਵੇਗੀ। ਪੰਜਾਬ ਦੇ ਮੁੱਖ ਮੰਤਰੀ ਨੇ ਸ਼ਹੀਦ ਕਿਸਾਨਾਂ ਦੇ ਬੱਚਿਆਂ ਨੂੰ ਨੌਕਰੀ ਦੇਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਮਾਲ ਮਹਿਕਮੇ ਨੇ ਵੀ ਇਨ੍ਹਾਂ ਬੱਚਿਆਂ ਨੂੰ ਨੌਕਰੀ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਵੇਰਵਿਆਂ ਅਨੁਸਾਰ ਮ੍ਰਿਤਕ ਕਿਸਾਨਾਂ ਦੇ 17 ਪਰਿਵਾਰਕ ਜੀਅ ਕਲਰਕ ਦੀ ਨੌਕਰੀ ਲਈ ਅਤੇ 110 ਜੀਅ ਸੇਵਾਦਾਰ ਦੀ ਨੌਕਰੀ ਲਈ ਯੋਗ ਪਾਏ ਗਏ ਹਨ।

ਵੇਰਵਿਆਂ ਅਨੁਸਾਰ 28 ਅਪਰੈਲ 2021 ਤੱਕ ਕਿਸਾਨ ਘੋਲ ਦੇ 180 ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੀ ਸ਼ਨਾਖ਼ਤ ਕੀਤੀ ਗਈ ਸੀ ਜਦੋਂ ਕਿ ਹੁਣ ਤੱਕ ਦੇ 220 ਪੀੜਤ ਪਰਿਵਾਰਾਂ ਦੇ ਜੀਆਂ ਨੂੰ ਨੌਕਰੀ ਦੇਣ ਲਈ ਹਰੀ ਝੰਡੀ ਮਿਲੀ ਹੈ। ਇਨ੍ਹਾਂ ’ਚੋਂ 127 ਪਰਿਵਾਰਾਂ ਦੇ ਮੈਂਬਰ ਨੌਕਰੀ ਲਈ ਯੋਗ ਪਾਏ ਗਏ ਹਨ ਜਦੋਂ ਕਿ 93 ਪਰਿਵਾਰਾਂ ਦੇ ਜੀਆਂ ਦਾ ਮਾਮਲਾ ਵਿਚਾਰ ਅਧੀਨ ਹੈ। ਕਿਸਾਨ ਧਿਰਾਂ ਅਨੁਸਾਰ ਖੇਤੀ ਕਾਨੂੰਨਾਂ ਖ਼ਿਲਾਫ਼ ਵਿੱਢੇ ਅੰਦੋਲਨ ’ਚ ਹੁਣ ਤੱਕ ਕਰੀਬ 500 ਕਿਸਾਨ ਸ਼ਹੀਦ ਹੋ ਚੁੱਕੇ ਹਨ ਜਦੋਂ ਕਿ ਸਰਕਾਰ ਹਾਲੇ ਅੱਧ ਤੱਕ ਵੀ ਨਹੀਂ ਪੁੱਜੀ। ਸਰਕਾਰੀ ਰਿਕਾਰਡ ਅਨੁਸਾਰ ‘ਕਿਸਾਨ ਘੋਲ’ ਵਿੱਚ 28 ਅਪਰੈਲ ਤੱਕ 180 ਕਿਸਾਨ ਸ਼ਹੀਦ ਹੋਏ ਹਨ ਜਦੋਂ ਕਿ 15 ਕਿਸਾਨ ਜ਼ਖ਼ਮੀ ਹੋਏ ਹਨ। ਸਰਕਾਰੀ ਤੱਥਾਂ ਅਨੁਸਾਰ ਕਿਸਾਨ ਘੋਲ ’ਚ ਹੁਣ ਤੱਕ ਸਭ ਤੋਂ ਵੱਧ ਜ਼ਿਲ੍ਹਾ ਸੰਗਰੂਰ ਦੇ 32 ਕਿਸਾਨ ਸ਼ਹੀਦ ਹੋਏ ਹਨ ਜਦੋਂ ਕਿ ਜ਼ਿਲ੍ਹਾ ਬਠਿੰਡਾ ਦੇ 26 ਕਿਸਾਨ ਪਰਿਵਾਰ ਆਪਣੇ ਜੀਅ ਕਿਸਾਨ ਅੰਦੋਲਨ ਦੇ ਲੇਖੇ ਲਾ ਚੁੱਕੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ਦੇ 19, ਮੋਗਾ ਦੇ 18 ਅਤੇ ਬਰਨਾਲਾ ਦੇ 15 ਕਿਸਾਨ ਸ਼ਹੀਦ ਹੋਏ ਹਨ। ਸਰਕਾਰੀ ਨੀਤੀ ਅਨੁਸਾਰ ਹਰ ਸ਼ਹੀਦ ਕਿਸਾਨ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਇਸ ਨੀਤੀ ਤੋਂ ਪਹਿਲਾਂ ਕਈ ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰ ਵੱਲੋਂ 10-10 ਲੱਖ ਰੁਪਏ ਵੀ ਦਿੱਤੇ ਗਏ ਹਨ। ਸਰਕਾਰੀ ਰਿਕਾਰਡ ਅਨੁਸਾਰ ਜ਼ਿਲ੍ਹਾ ਮੁਕਤਸਰ ਦੇ 11, ਲੁਧਿਆਣਾ ਦੇ 12 ਅਤੇ ਮਾਨਸਾ ਦੇ 15 ਕਿਸਾਨ ਸ਼ਹੀਦ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਲੰਘੇ ਦਿਨੀਂ ਜਦੋਂ ਐਲਾਨ ਕੀਤਾ ਸੀ ਕਿ ਉਹ ਸਰਕਾਰ ਬਣਨ ’ਤੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀ ਦੇਣਗੇ, ਉਸ ਪਿੱਛੋਂ ਕੈਪਟਨ ਹਕੂਮਤ ਨੇ ਇਨ੍ਹਾਂ ਪਰਿਵਾਰਾਂ ਨੂੰ ਨੌਕਰੀ ਪਹਿਲਾਂ ਹੀ ਦਿੱਤੇ ਜਾਣ ਦੀ ਗੱਲ ਆਖੀ ਸੀ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਕਿਸੇ ਵੀ ਸ਼ਹੀਦ ਕਿਸਾਨ ਦੇ ਜੀਅ ਨੂੰ ਨੌਕਰੀ ’ਤੇ ਜੁਆਇਨ ਨਹੀਂ ਕਰਵਾਇਆ ਗਿਆ ਬਲਕਿ ਨੌਕਰੀਆਂ ਦੇਣ ਦਾ ਮਾਮਲਾ ਪ੍ਰਕਿਰਿਆ ਅਧੀਨ ਹੈ। ਸੂਤਰ ਦੱਸਦੇ ਹਨ ਕਿ ਪਹਿਲਾਂ ਮਾਰਕੀਟ ਕਮੇਟੀਆਂ ਵਿਚ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਦਿੱਤੇ ਜਾਣ ਦੀ ਯੋਜਨਾ ਸੀ ਪਰ ਹੁਣ ਮਾਲ ਮਹਿਕਮੇ ’ਚ ਨੌਕਰੀ ਦੇਣ ਦਾ ਫ਼ੈਸਲਾ ਹੋਇਆ ਹੈ। ਪਤਾ ਲੱਗਾ ਹੈ ਕਿ ਡਿਪਟੀ ਕਮਿਸ਼ਨਰਾਂ ਅਤੇ ਐੱਸਡੀਐੱਮਜ਼ ਦਫ਼ਤਰਾਂ ’ਚ ਇਨ੍ਹਾਂ ਜੀਆਂ ਨੂੰ ਨੌਕਰੀ ਦਿੱਤੀ ਜਾਣੀ ਹੈ।

Leave a Reply

Your email address will not be published. Required fields are marked *