ਕੋਵਿਡ-19 ਬਾਰੇ ਗ਼ਲਤ ਜਾਣਕਾਰੀ ਦੇਣ ’ਤੇ ਚੀਨ ਨੂੰ ਭੁਗਤਣੇ ਪੈਣਗੇ ਨਤੀਜੇ : ਟਰੰਪ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ਼ਾਰਿਆਂ ਵਿਚ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਡਬਲਿਊ. ਐੱਚ. ਓ. ਅਤੇ ਕੌਮਾਂਤਰੀ ਭਾਈਚਾਰੇ ਨੂੰ ਕਥਿਤ ਤੌਰ ’ਤੇ ਗਲਤ ਜਾਣਕਾਰੀ ਦੇਣ ਦੇ ਬੁਰੇ ਨਤੀਜੇ ਚੀਨ ਨੂੰ ਭੁਗਤਣੇ ਪੈਣਗੇ। ਇਹ ਵਾਇਰਸ ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲਣਾ ਸ਼ੁਰੂ ਹੋਇਆ ਸੀ ਅਤੇ ਹੁਣ ਤਕ 1 ਲੱਖ ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਤਕਰੀਬਨ 20 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਹਨ।
   

ਵ੍ਹਾਈਟ ਹਾਊਸ ਵਿਚ ਸੋਮਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਇਕ ਪੱਤਰਕਾਰ ਨੇ ਟਰੰਪ ਨੂੰ ਵਾਰ-ਵਾਰ ਸਵਾਲ ਕੀਤਾ ਕਿ ਇਸ ਦੇ ਲਈ ਚੀਨ ਕੋਈ ਬੁਰੇ ਨਤੀਜੇ ਕਿਉਂ ਨਹੀਂ ਭੁਗਤ ਰਿਹਾ? ਇਸ ਬਾਰੇ ਵਾਰ-ਵਾਰ ਸਵਾਲ ਕੀਤੇ ਜਾਣ ’ਤੇ ਟਰੰਪ ਨੇ ਕਿਹਾ, “ਤੁਹਾਨੂੰ ਕਿਵੇਂ ਪਤਾ, ਇਸ ਦੇ ਬੁਰੇ ਨਤੀਜੇ ਨਹੀਂ ਹਨ?…ਮੈਂ ਤੁਹਾਨੂੰ ਨਹੀਂ ਦੱਸਾਂਗਾ। ਚੀਨ ਨੂੰ ਪਤਾ ਲੱਗ ਜਾਵੇਗਾ। ਮੈਂ ਤੁਹਾਨੂੰ ਕਿਉਂ ਦੱਸਾਂਗਾ?’’

ਚੀਨ ਦੇ ਵਿਰੁਧ ਅਮਰੀਕੀ ਸੰਸਦਾਂ ਦੀਆਂ ਟਿੱਪਣੀਆਂ ਵਿਚਕਾਰ ਟਰੰਪ ਨੇ ਕਿਹਾ, “ਤੁਹਾਨੂੰ ਪਤਾ ਲੱਗ ਜਾਵੇਗਾ।’’ ਸੈਨੇਟਰ ਸਟੀਵ ਡੇਨਸ ਨੇ ਟਰੰਪ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਅਮਰੀਕੀ ਸਰਕਾਰ ਚੀਨ ਤੋਂ ਮੈਡੀਕਲ ਸਪਲਾਈ ਅਤੇ ਹੋਰ ਸਮਾਨ ’ਤੇ ਨਿਰਭਰਤਾ ਨੂੰ ਖ਼ਤਮ ਕਰੇ ਅਤੇ ਅਮਰੀਕਾ ਵਿਚ ਦਵਾਈਆਂ ਬਣਾਉਣ ਸਬੰਧੀ ਨੌਕਰੀਆਂ ਵਾਪਸ ਲੈ ਕੇ ਆਏ। ਰੀਪਬਲਿਕਨ ਪਾਰਟੀ ਦੇ ਚਾਰ ਸੰਸਦ ਮੈਂਬਰਾਂ ਨੇ ਵੀ ਚੀਨ ’ਤੇ ਨਿਰਭਰਤਾ ਘੱਟ ਕਰਨ ਲਈ ਸੋਮਵਾਰ ਨੂੰ ਇਕ ਬਿੱਲ ਪੇਸ਼ ਕੀਤਾ ਸੀ।

ਦੇਸ਼ ਨੂੰ ਦੁਬਾਰਾ ਖੋਲ੍ਹਣ ਦੇ ਬੇਹੱਦ ਨੇੜੇ ਹਾਂ
ਟਰੰਪ ਨੇ ਕਿਹਾ ਕਿ ਉਹ ਦੇਸ਼ ਨੂੰ ਦੋਬਾਰਾ ਖੋਲ੍ਹਣ ਦੀ ਯੋਜਨਾ ਦੇ ਬੇਹੱਦ ਨੇੜੇ ਹਨ। ਕੋਰੋਨਾ ਵਾਇਰਸ ਦੇ ਕਹਿਰ ਦੇ ਮੱਦੇਨਜ਼ਰ ਦੇਸ਼ ਵਿਚ 30 ਅਪ੍ਰੈਲ ਤਕ ਸਮਾਜਕ ਦੂਰੀ ਬਣਾਈ ਰੱਖਣ ਲਈ ਕੁੱਝ ਦਿਸ਼ਾ-ਨਿਰਦੇਸ਼ ਜਾਰੀ ਹਨ। ਇਸ ਘਾਤਕ ਵਾਇਰਸ ਨਾਲ ਦੇਸ਼ ਦੀ 95 ਫ਼ੀ ਸਦੀ ਤੋਂ ਵੱਧ ਆਬਾਦੀ ਪ੍ਰਭਾਵਤ ਹੋਈ ਹੈ। ਟਰੰਪ ਨੇ ਕਿਹਾ,“ਮੈਂ ਅਪਣੀ ਟੀਮ ਅਤੇ ਉੱਚ ਮਾਹਿਰਾਂ ਨਾਲ ਇਸ ਬਾਰੇ ਗੱਲ ਕਰ ਰਿਹਾ ਹਾਂ।  

ਉਨ੍ਹਾਂ ਕਿਹਾ, “ਮੇਰੇ ਪ੍ਰਸ਼ਾਸਨ ਦੀ ਯੋਜਨਾ ਅਤੇ ਦਿਸ਼ਾ-ਨਿਰਦੇਸ਼ ਅਮਰੀਕਾ ਦੇ ਲੋਕਾਂ ਨੂੰ ਸਾਧਾਰਣ ਜੀਵਨ ਸ਼ੁਰੂ ਕਰਨ ਦਾ ਆਤਮ ਵਿਸ਼ਵਾਸ ਦੇਣਗੇ, ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ।’’ ਰਾਸ਼ਟਰਪਤੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਦੇਸ਼ ਦੋਬਾਰਾ ਖੁੱਲ੍ਹ ਜਾਵੇ ਤੇ ਲੋਕ ਫਿਰ ਸਾਧਾਰਣ ਜ਼ਿੰਦਗੀ ਜਿਊਣੀ ਸ਼ੁਰੂ ਕਰਨ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਸਫਲਤਾ ਪੂਰਵਕ ਦੇਸ਼ ਨੂੰ ਖੋਲ੍ਹਣਗੇ।    

Leave a Reply

Your email address will not be published. Required fields are marked *