7 ਅਗਸਤ ਤੋਂ ਸ਼ੁਰੂ ਹੋਣਗੀਆਂ ਭਾਰਤ ਦੇ ਇਨ੍ਹਾਂ ਸ਼ਹਿਰਾਂ ਤੋਂ UAE ਲਈ ਉਡਾਣਾਂ

ਆਬੂ ਧਾਬੀ: ਭਾਰਤ ਦੇ ਕੁੱਝ ਸ਼ਹਿਰਾਂ ਤੋਂ ਸੰਯੁਕਤ ਅਰਬ ਅਮੀਰਾਤ ਲਈ ਉਡਾਣਾਂ 7 ਅਗਸਤ ਤੋਂ ਫਿਰ ਤੋਂ ਸ਼ੁਰੂ ਹੋਣਗੀਆਂ। ਖਲੀਜ ਟਾਈਮਜ਼ ਦੀ ਰਿਪੋਰਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਯੁਕਤ ਅਰਬ ਅਮੀਰਾਤ ਦੇ ਏਤੀਹਾਦ ਏਅਰਵੇਜ਼ ਨੇ ਕਿਹਾ ਕਿ ਹੈ ਕਿ ਕੁੱਝ ਭਾਰਤੀ ਸ਼ਹਿਰਾਂ ਤੋਂ ਆਬੂ ਧਾਬੀ ਲਈ ਉਡਾਣਾਂ ਦਾ ਸੰਚਾਲਨ 7 ਅਗਸਤ ਤੋਂ ਫਿਰ ਤੋਂ ਸ਼ੁਰੂ ਹੋਵੇਗਾ। ਇਸੇ ਕ੍ਰਮ ਵਿਚ 10 ਅਗਸਤ ਤੋਂ ਏਅਰਲਾਈਨ ਯੂ.ਏ.ਈ. ਦੀ ਯਾਤਰਾ ਲਈ 3 ਹੋਰ ਭਾਰਤੀ ਸ਼ਹਿਰਾਂ ਤੋਂ ਉਡਾਣਾਂ ਸ਼ੁਰੂ ਕਰੇਗੀ। ਨਾਲ ਹੀ ਟਰਾਂਜਿਟ ਯਾਤਰੀਆਂ ਲਈ ਪਾਕਿਸਤਾਨ ਦੇ 3 ਸ਼ਹਿਰਾਂ, ਬੰਗਲਾਦੇਸ਼ ਅਤੇ ਸ਼੍ਰੀਲੰਕਾ ਤੋਂ ਵੀ ਉਡਾਣਾਂ ਦਾ ਸੰਚਾਲਣ ਸ਼ੁਰੂ ਕੀਤਾ ਜਾਵੇਗਾ। ਏਤੀਹਾਦ ਨੇ ਆਪਣੀ ਵੈਬਸਾਈਟ ’ਤੇ ਕਿਹਾ ਹੈ ਕਿ 7 ਤੋਂ 9 ਅਗਸਤ ਦਰਮਿਆਨ ਏਅਰਲਾਈਨ ਚੇਨਈ, ਕੋਚੀ, ਬੈਂਗਲੁਰੂ, ਤ੍ਰਿਵੇਂਦਰਮ ਅਤੇ ਨਵੀਂ ਦਿੱਲੀ ਤੋਂ ਸੇਵਾਵਾਂ ਦੀ ਸ਼ੁਰੂਆਤ ਕਰੇਗੀ।

ਇਸ ਦੇ ਬਾਅਦ 10 ਅਗਸਤ ਤੋਂ ਭਾਰਤ ਵਿਚ ਅਹਿਮਦਾਬਾਦ (ਸਿਰਫ਼ ਟਰਾਂਜਿਟ ਲਈ), ਹੈਦਰਾਬਾਦ ਅਤੇ ਮੁੰਬਈ ਤੋਂ ਉਡਾਣਾਂ ਸ਼ੁਰੂ ਕੀਤੀਆਂ ਜਾਣਗੀਆਂ। ਪਾਕਿਸਤਾਨ ਵਿਚ ਕਰਾਚੀ, ਲਾਹੌਰ ਅਤੇ ਇਸਲਾਮਾਬਾਦ, ਬੰਲਗਾਦੇਸ਼ ਵਿਚ ਢਾਕਾ ਅਤੇ ਸ਼੍ਰੀਲੰਕਾ ਵਿਚ ਕੋਲੰਬੋ ਤੋਂ ਵੀ ਉਡਾਣਾਂ ਚਲਾਈਆਂ ਜਾਣਗੀਆਂ। ਆਬੂ ਧਾਬੀ ਪਹੁੰਚਣ ’ਤੇ ਸਾਰੇ ਯਾਤਰੀਆਂ ਨੂੰ 10 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ। ਇਸ ਦੌਰਾਨ ਯਾਤਰੀਆਂ ਨੂੰ ਇਕ ਟ੍ਰੈਕਿੰਗ ਰਿਸਟਬੈਂਡ ਪਾਉਣਾ ਹੋਵੇਗਾ।

ਏਅਰਲਾਈਨ ਨੇ ਆਪਣੀ ਵੈਬਸਾਈਟ ’ਤੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਚੌਥੇ ਅਤੇ 8ਵੇਂ ਦਿਨ ਪੀ.ਸੀ.ਆਰ. ਟੈਸਟ ਵੀ ਕਰਾਉਣਾ ਹੋਵੇਗਾ। ਯਾਤਰਾ ਕਰਨ ਲਈ ਫੈਡਰਲ ਅਥਾਰਟੀ ਆਫ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ (ਆਈ.ਸੀ.ਏ.) ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਯਾਤਰੀਆਂ ਕੋਲ ਉਡਾਣ ਭਰਨ ਤੋਂ 48 ਘੰਟੇ ਪਹਿਲਾਂ ਦੀ ਨੈਗੇਟਿਵ ਪੀ.ਸੀ.ਆਰ. ਟੈਸਟ ਰਿਪੋਰਟ ਹੋਣੀ ਚਾਹੀਦੀ ਹੈ। ਇਹ ਟੈਸਟ ਮੁੱਖ ਸ਼ਹਿਰ ਵਿਚ ਇਕ ਅਧਿਕਾਰਤ ਲੈਬ ਤੋਂ ਕਰਾਇਆ ਗਿਆ ਹੋਵੇ ਅਤੇ ਨਤੀਜੇ ’ਤੇ ਵੈਰੀਫਿਕੇਸ਼ਨ ਲਈ ਕਿਊ.ਆਰ ਕੋਡ ਲੱਗਾ ਹੋਣਾ ਚਾਹੀਦਾ ਹੈ। ਫਲਾਈਟ ’ਤੇ ਚੜ੍ਹਨ ਤੋਂ 4 ਘੰਟੇ ਪਹਿਲਾਂ ਇਕ ਰੈਪਿਡ ਕੋਵਿਡ-19 ਟੈਸਟ ਵੀ ਕਰਾਉਣਾ ਹੋਵੇਗਾ।

ਸੰਯੁਕਤ ਅਰਬ ਅਮੀਰਾਤ ਪਰਤਣ ਵਾਲੇ ਯਾਤਰੀਆਂ ਕੋਲ ਵੈਧ ਰੈਜ਼ੀਡੈਂਸੀ ਪਰੂਫ ਅਤੇ ਯਾਤਰਾ ਤੋਂ ਘੱਟ ਤੋਂ ਘੱਟ 14 ਦਿਨ ਪਹਿਲਾਂ ਯੂ.ਏ.ਈ. ਦੇ ਅੰਦਰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਡੋਜ਼ ਪ੍ਰਾਪਤ ਕਰਨ ਦਾ ਪਰੂਫ ਹੋਣਾ ਚਾਹੀਦਾ ਹੈ। ਬਿਨਾਂ ਵੈਕਸੀਨ ਲਗਵਾਏ ਲੋਕਾਂ ਵਿਚ ਕੁੱਝ ਕੈਟੇਗਰੀ ਦੇ ਲੋਕਾਂ ਨੂੰ ਵਾਪਸੀ ਦੀ ਇਜਾਜ਼ਤ ਹੋਵੇਗੀ। ਇਸ ਵਿਚ ਮੈਡੀਕਲ ਵਰਕਰ, ਯੂ.ਏ.ਈ. ਦੇ ਅਧਿਆਪਕ, ਵਿਦਿਆਰਥੀ, ਯੂ.ਏ.ਈ. ਵਿਚ ਇਲਾਜ ਕਰਾ ਰਹੇ ਮਰੀਜ਼, ਖ਼ਾਸ ਸਥਿਤੀਆਂ ਵਾਲੇ ਵਸਨੀਕ ਅਤੇ ਸੰਘੀ ਜਾਂ ਸਥਾਨਕ ਸਰਕਾਰੀ ਏਜੰਸੀਆਂ ਲਈ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਇਹ ਨਵੀ ਸ਼੍ਰੇਣੀਆਂ ਯੂ.ਏ.ਈ. ਦੇ ਨਾਗਰਿਕਾਂ, ਰਾਜਨੀਤਕ ਮਿਸ਼ਨਾਂ, ਅਧਿਕਾਰਤ ਪ੍ਰਤੀਨਿਧੀ ਮੰਡਲਾਂ ਅਤੇ ਗੋਲਡਨ ਵੀਜ਼ਾ ਧਾਰਕਾਂ ਨੂੰ ਮਿਲੀ ਪਹਿਲਾਂ ਦੀ ਛੋਟ ਤੋਂ ਵੱਖ ਹੈ।

Leave a Reply

Your email address will not be published. Required fields are marked *