ਬਰਤਾਨੀਆ ਨੇ ਭਾਰਤੀਆਂ ਨੂੰ ਯਾਤਰਾ ਪਾਬੰਦੀਆਂ ਵਿਚ ਢਿੱਲ ਦਿੱਤੀ

SONY A7, lens 24-70 Zeiss at Heathrow London.

ਲੰਡਨ: ਯੂਕੇ ਨੇ ਅੱਜ ਭਾਰਤ ਤੋਂ ਆਉਣ ਵਾਲੇ ਯਾਤਰੀਆਂ ’ਤੇ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਲਾਈਆਂ ਪਾਬੰਦੀਆਂ ਵਿਚ ਢਿੱਲ ਦੇ ਦਿੱਤੀ ਹੈ। ਯਾਤਰਾ ਪਾਬੰਦੀਆਂ ਦੀ ‘ਲਾਲ ਸੂਚੀ’ ’ਚੋਂ ਭਾਰਤ ਨੂੰ ਕੱਢ ਦਿੱਤਾ ਗਿਆ ਹੈ। ਇਸ ਦਾ ਮਤਲਬ ਇਹ ਹੋਵੇਗਾ ਕਿ ਹੁਣ ਮੁਕੰਮਲ ਵੈਕਸੀਨ ਡੋਜ਼ ਲੈਣ ਵਾਲਿਆਂ ਨੂੰ ਬਰਤਾਨੀਆ ਪਹੁੰਚਣ ’ਤੇ ਦਸ ਦਿਨ ਲਈ ਇਕਾਂਤਵਾਸ ਨਹੀਂ ਹੋਣਾ ਪਵੇਗਾ। ਪਹਿਲਾਂ ਇਹ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਸੀ। ਬਰਤਾਨੀਆ ਦੇ ਸਿਹਤ ਤੇ ਸਮਾਜ ਭਲਾਈ ਵਿਭਾਗ ਮੁਤਾਬਕ ਭਾਰਤ ਤੋਂ ਟੀਕਾ ਲਗਵਾ ਕੇ ਆਉਣ ਵਾਲੇ ਲੋਕ ਹੁਣ ਘਰ ਜਾਂ ਲੋਕੇਟਰ ਫਾਰਮ ਵਿਚ ਦੱਸੀ ਥਾਂ ਉਤੇ ਜਾ ਕੇ ਵੱਖ ਹੋ ਕੇ ਰਹਿ ਸਕਦੇ ਹਨ। ਇਸ ਤੋਂ ਪਹਿਲਾਂ ਯਾਤਰੀ ਨੂੰ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੇਂਦਰ ਵਿਚ ਇਕਾਂਤਵਾਸ ਹੋਣਾ ਪੈਂਦਾ ਸੀ। ਇਸ ਲਈ ਵੱਖਰੇ ਤੌਰ ’ਤੇ 1750 ਪਾਊਂਡ ਖਰਚਣੇ ਪੈਂਦੇ ਸਨ। ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਵਾਲਿਆਂ ’ਤੇ ਹੁਣ ਇਹ ਸ਼ਰਤ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਿਹੜੇ ਯਾਤਰੀਆਂ ਦੇ ਟੀਕਾ ਯੂਕੇ ਜਾਂ ਯੂਰੋਪ ਵਿਚ ਲੱਗਾ ਹੈ, ਉਨ੍ਹਾਂ ਨੂੰ ਘਰੇ ਇਕਾਂਤਵਾਸ ਤੋਂ ਵੀ ਛੋਟ ਦਿੱਤੀ ਗਈ ਹੈ। ਬਰਤਾਨੀਆ ਨੇ ਕਿਹਾ ਕਿ ਪੂਰੇ ਵਿਸ਼ਵ ਵਿਚ ਕਈ ਤਰ੍ਹਾਂ ਦੇ ਕੋਵਿਡ ਵੈਕਸੀਨ ਲਾਏ ਜਾ ਰਹੇ ਹਨ ਤੇ ਸਰਕਾਰ ਤੈਅ ਕਰ ਰਹੀ ਹੈ ਕਿ ਕਿਹੜੇ ਗ਼ੈਰ-ਯੂਕੇ ਵੈਕਸੀਨਾਂ ਨੂੰ ਮਾਨਤਾ ਦਿੱਤੀ ਜਾਵੇ। ਆਕਸਫੋਰਡ/ਐਸਟਰਾਜ਼ੈਨੇਕਾ ਦਾ ਕੋਵੀਸ਼ੀਲਡ ਜਿਸ ਨੂੰ ਕਿ ਭਾਰਤ ਵਿਚ ਸੀਰਮ ਇੰਸਟੀਚਿਊਟ ਬਣਾ ਰਿਹਾ ਹੈ, ਦੇ ਯੂਕੇ ਵੱਲੋਂ ਮਨਜ਼ੂਰ ਵੈਕਸੀਨਾਂ ਦੇ ਘੇਰੇ ਵਿਚ ਆਉਣ ਦੀ ਕਾਫ਼ੀ ਸੰਭਾਵਨਾ ਹੈ। ਲਾਗੂ ਨੇਮਾਂ ਮੁਤਾਬਕ ਭਾਰਤ ਤੋਂ ਯੂਕੇ ਆਉਣ ਵਾਲਾ ਯਾਤਰੀ ਉਡਾਣ ਤੋਂ ਤਿੰਨ ਦਿਨ ਪਹਿਲਾਂ ਕੋਵਿਡ ਟੈਸਟ ਕਰਵਾਉਂਦਾ ਹੈ। ਇੰਗਲੈਂਡ ਪਹੁੰਚਣ ’ਤੇ ਦੋ ਕੋਵਿਡ ਟੈਸਟ ਅਗਾਊਂ ਬੁੱਕ ਕਰਦਾ ਹੈ। ਪਹੁੰਚਣ ’ਤੇ ਆਪਣੇ ਰਹਿਣ ਵਾਲੀ ਥਾਂ ਬਾਰੇ ਇਕ ਫਾਰਮ ਵਿਚ ਜਾਣਕਾਰੀ ਦਿੰਦਾ ਹੈ। ਜ਼ਿਕਰਯੋਗ ਹੈ ਕਿ ਫ਼ਿਲਹਾਲ ਸੂਚੀਬੱਧ ਸਾਰੀਆਂ ਕੌਮਾਂਤਰੀ ਉਡਾਣਾਂ ਬੰਦ ਹਨ ਪਰ ਦੁਵੱਲੇ ਸਮਝੌਤੇ ਤਹਿਤ ਕੁਝ ਵਿਸ਼ੇਸ਼ ਉਡਾਣਾਂ ਭਾਰਤ ਤੇ ਯੂਕੇ ਵਿਚਾਲੇ ਚੱਲ ਰਹੀਆਂ ਹਨ।

ਏਅਰਲਾਈਨ ਕੰਪਨੀਆਂ ਨੂੰ ਵੱਡੀ ਗਿਣਤੀ ’ਚ ਬੁਕਿੰਗ ਮਿਲਣੀ ਸ਼ੁਰੂ

ਭਾਰਤ ਨੂੰ ਬਰਤਾਨੀਆ ਦੀ ‘ਲਾਲ ਸੂਚੀ’ ਵਿਚੋਂ ਕੱਢੇ ਜਾਣ ਦੀ ਖ਼ਬਰ ਬਾਹਰ ਆਉਣ ਤੋਂ ਬਾਅਦ ਏਅਰਲਾਈਨ ਕੰਪਨੀਆਂ ਨੂੰ ਵੱਡੀ ਗਿਣਤੀ ਵਿਚ ਬੁਕਿੰਗ ਮਿਲਣੀ ਸ਼ੁਰੂ ਹੋ ਗਈ ਹੈ। ਯੂਕੇ ਵਿਚਲਾ ਭਾਰਤੀ ਭਾਈਚਾਰਾ ਵੀ ਖ਼ੁਸ਼ ਹੈ ਕਿਉਂਕਿ ਉਹ ਹੁਣ ਗਰਮੀਆਂ ਦੀਆਂ ਛੁੱਟੀਆਂ ਵਿਚ ਭਾਰਤ ਆ ਸਕਣਗੇ। ਹਵਾਈ ਯਾਤਰਾ ਦੇ ਮਾਮਲੇ ’ਚ ਭਾਰਤ ਅਪਰੈਲ ਦੇ ਅਖ਼ੀਰ ਤੋਂ ਇੰਗਲੈਂਡ ਦੀ ‘ਰੈੱਡ ਲਿਸਟ’ ਵਿਚ ਸੀ ਜਦੋਂ ਕਰੋਨਾ ਦਾ ਡੈਲਟਾ ਸਰੂਪ ਵੱਡੇ ਪੱਧਰ ਉਤੇ ਫੈਲ ਗਿਆ ਸੀ।

Leave a Reply

Your email address will not be published. Required fields are marked *