ਨਸ਼ਾ ਤਸਕਰੀ: ਸਿੱਧੂ ਵੱਲੋਂ ਆਪਣੀ ਸਰਕਾਰ ਨੂੰ ਚਿਤਾਵਨੀ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਨਸ਼ਾ ਤਸਕਰੀ ਮਾਮਲੇ ’ਤੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਅੱਜ ਉਪਰੋਥਲੀ ਕਈ ਟਵੀਟ ਕਰ ਕੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਅਹਿਮ ਸਿਆਸੀ ਹਸਤੀ ਨਾਲ ਜੁੜੇ ਨਸ਼ਾ ਤਸਕਰੀ ਵਾਲੇ ਕੇਸ ’ਚ ਹੋਰ ਦੇਰੀ ਕੀਤੀ ਤਾਂ ਉਹ ਇਸ ਕੇਸ ਦੀਆਂ ਰਿਪੋਰਟਾਂ ਜਨਤਕ ਕਰਨ ਲਈ ਪੰਜਾਬ ਵਿਧਾਨ ਸਭਾ ਵਿੱਚ ਮਤੇ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਸਜ਼ਾ ਦਿਵਾਉਣਾ ਕਾਂਗਰਸ ਦੇ 18 ਨੁਕਾਤੀ ਏਜੰਡੇ ਦੀ ਮੁੱਖ ਪਹਿਲ ਹੈ।

ਸ੍ਰੀ ਸਿੱਧੂ ਨੇ ਕਿਹਾ ਕਿ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਅਗਵਾਈ ਵਾਲੀ ਸਪੈਸ਼ਲ ਟਾਸਕ ਫੋਰਸ ਵੱਲੋਂ ਫਰਵਰੀ, 2018 ਵਿੱਚ ਨਸ਼ਾ ਤਸਕਰੀ ਦੇ ਅਹਿਮ ਕੇਸ ’ਚ ਅਦਾਲਤ ਵਿੱਚ ‘ਸਟੇਟਸ ਰਿਪੋਰਟ’ ਜਮ੍ਹਾਂ ਕਰਵਾਈ ਸੀ ਅਤੇ ਅਦਾਲਤ ਨੇ ਇਸ ਰਿਪੋਰਟ ’ਤੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਕਿਹਾ ਸੀ। ਪੰਜਾਬ ਸਰਕਾਰ ਨੇ 2 ਮਈ, 2018 ਨੂੰ ਅਦਾਲਤ ਵਿੱਚ ਓਪੀਨੀਅਨ-ਕਮ-ਸਟੇਟਸ ਰਿਪੋਰਟ ਜਮ੍ਹਾਂ ਕਰਵਾਈ, ਜੋ ਅੱਜ ਸੀਲਬੰਦ ਲਿਫ਼ਾਫੇ ਵਿੱਚ ਪਈ ਹੈ। ਉਨ੍ਹਾਂ ਟਵੀਟ ਕਰ ਕੇ ਸੁਆਲ ਕੀਤੇ ਕਿ ਪੰਜਾਬ ਪੁਲੀਸ ਨੇ ਕਿਹੜੀ ਜਾਂਚ ਕੀਤੀ ਹੈ? ਪੰਜਾਬ ਸਰਕਾਰ ਨੇ ਕੀ ਕਦਮ ਚੁੱਕੇ ਹਨ? ਰਿਪੋਰਟਾਂ ਜਮ੍ਹਾਂ ਹੋਣ ਤੋਂ ਬਾਅਦ ਰਾਜ ਨੇ ਢਾਈ ਸਾਲਾਂ ਵਿੱਚ ਅੱਗੇ ਕੀ ਕਾਰਵਾਈ ਕੀਤੀ ਹੈ?

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੀਲਬੰਦ ਰਿਪੋਰਟਾਂ ਖੋਲ੍ਹਣ ਲਈ ਅਦਾਲਤ ਵਿੱਚ ਦਰਖਾਸਤ ਦੇਵੇ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ। ਉਨ੍ਹਾਂ ਕੁਝ ਬਿਆਨਾਂ ਦੀਆਂ ਕਾਪੀਆਂ ਵੀ ਟਵੀਟ ’ਚ ਜਨਤਕ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਸ ਕੇਸ ਨਾਲ ਸਬੰਧਤ ਐੱਨਆਰਆਈਜ਼ ਦੀ ਹਵਾਲਗੀ ਮੰਗ ਰਹੀ ਹੈ।

ਜਾਖੜ ਨੇ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵੀਟ ਕਰਦਿਆਂ ਅਸਿੱਧੇ ਢੰਗ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲਿਆ। ਕੈਟ (ਬਿਜਲੀ) ਵੱਲੋਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਮਾਮਲੇ ’ਤੇ ਪਾਵਰਕੌਮ ਨੂੰ 550 ਕਰੋੜ ਦੀ ਅਦਾਇਗੀ ਪ੍ਰਾਈਵੇਟ ਕੰਪਨੀ ਨੂੰ ਕਰਨ ਲਈ ਕਿਹਾ ਹੈ ਅਤੇ ਇਸ ਫ਼ੈਸਲੇ ’ਤੇ ਟਿੱਪਣੀ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਜੋ ਨੁਕਸਦਾਰ ਤੇ ਇੱਕ-ਤਰਫਾ ਸਮਝੌਤੇ ਲਈ ਜ਼ਿੰਮੇਵਾਰ ਹਨ, ਉਹ ਲੋਕ ਅੱਜ ਸਸਤੀ ਬਿਜਲੀ ਦਾ ਵਾਅਦਾ ਕਰਕੇ ਵੋਟਾਂ ਮੰਗ ਰਹੇ ਹਨ।

Leave a Reply

Your email address will not be published. Required fields are marked *