ਕੈਪਟਨ ਵੱਲੋਂ ਸੋਨੀਆ ਨਾਲ ਮੁਲਾਕਾਤ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੁੱਲ ਹਿੰਦ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਕਰੀਬ ਇੱਕ ਘੰਟਾ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਵਜ਼ਾਰਤੀ ਫੇਰਬਦਲ ਤੇ 18 ਨੁਕਾਤੀ ਏਜੰਡੇ ਦੀ ਪ੍ਰਗਤੀ ’ਤੇ ਫੋਕਸ ਰਿਹਾ। ਅਗਾਮੀ ਪੰਜਾਬ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਵਜ਼ਾਰਤੀ ਫੇਰਬਦਲ ’ਤੇ ਰਾਜਸੀ ਤੇ ਪ੍ਰਸ਼ਾਸਕੀ ਹਲਕਿਆਂ ਦੀ ਨਜ਼ਰ ਹੈ। ਨਵਜੋਤ ਸਿੱਧੂ ਹੱਥ ਪੰਜਾਬ ਕਾਂਗਰਸ ਦੀ ਕਮਾਨ ਆਉਣ ਮਗਰੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਾਰਟੀ ਪ੍ਰਧਾਨ ਨਾਲ ਇਹ ਪਲੇਠੀ ਮੀਟਿੰਗ ਸੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਸ਼ਾਮ ਸਮੇਂ ਟਵੀਟ ਕਰਕੇ ਅਮਰਿੰਦਰ ਸਿੰਘ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਨੂੰ ਤਸੱਲੀ ਭਰਪੂਰ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਇਸ ਮਿਲਣੀ ’ਚ ਪੰਜਾਬ ਨਾਲ ਸਬੰਧਤ ਕਈ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਹੋਇਆ ਹੈ। ਅੱਜ ਮੀਟਿੰਗ ਦੌਰਾਨ ਜਿੱਥੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਨੂੰ 18 ਨੁਕਾਤੀ ਏਜੰਡੇ ਦੀ ਪ੍ਰਗਤੀ ਤੋਂ ਜਾਣੂ ਕਰਵਾਇਆ, ਉਥੇ ਪੰਜਾਬ ਦੇ ਵਿਰੋਧੀ ਖੇਮੇ ਦੇ ਪੰਜ ਵਜ਼ੀਰਾਂ ਵੱਲੋਂ ਵੀ ਸੋਨੀਆ ਗਾਂਧੀ ਤੋਂ ਸਮਾਂ ਮੰਗੇ ਜਾਣ ਦੀ ਗੱਲ ਵੀ ਚਰਚਾ ’ਚ ਆਈ ਹੈ। 

ਸੂਤਰਾਂ ਮੁਤਾਬਕ ਇਹ ਮਝੈਲ ਵਜ਼ੀਰ ਸੋਨੀਆ ਗਾਂਧੀ ਨੂੰ ਮਿਲ ਕੇ 18 ਨੁਕਾਤੀ ਏਜੰਡੇ ਦੀ ਹਕੀਕਤ ਤੋਂ ਵਾਕਫ਼ ਕਰਵਾਉਣਾ ਚਾਹੁੰਦੇ ਹਨ। ਸਿਆਸੀ ਹਲਕੇ ਸ਼ਸ਼ੋਪੰਜ ’ਚ ਹਨ ਕਿ ਇੱਕ ਬੰਨੇ ਮੁੱਖ ਮੰਤਰੀ 18 ਨੁਕਾਤੀ ਏਜੰਡੇ ’ਤੇ ਸਭ ਕੁਝ ਕਰਨ ਦੀ ਗੱਲ ਆਖ ਰਹੇ ਹਨ ਜਦੋਂ ਕਿ ਨਵਜੋਤ ਸਿੱਧੂ ਇਸ ਦੇ ਉਲਟ ਸਥਿਤੀ ਦਿਖਾ ਰਹੇ ਹਨ। ਬੇਸ਼ੱਕ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੰਭਾਲਣ ਲਈ ਕੀਤੇ ਸਮਾਗਮ ’ਚ ਅਮਰਿੰਦਰ ਤੇ ਨਵਜੋਤ ਸਿੱਧੂ ਦੇ ਏਕੇ ਨੂੰ ਪੇਸ਼ ਕੀਤਾ ਗਿਆ, ਪ੍ਰੰਤੂ ਅੰਦਰੋਂ ਦੋਵੇਂ ਆਗੂਆਂ ’ਚ ਮੁੱਢਲਾ ਤਾਲਮੇਲ ਵੀ ਬੈਠ ਨਹੀਂ ਸਕਿਆ ਹੈ। ਹਾਈਕਮਾਨ ਇਸ ਗੱਲੋਂ ਔਖ ਵਿਚ ਹੈ ਕਿ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਅਗਾਮੀ ਚੋਣਾਂ ’ਚ ਕਾਂਗਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਸਵੇਰੇ ਕਰੀਬ 10 ਵਜੇ ਹੀ ਦਿੱਲੀ ਪਹੁੰਚ ਗਏ ਸਨ, ਜਿੱਥੇ ਉਨ੍ਹਾਂ ਨਾਲ ਪ੍ਰਸ਼ਾਂਤ ਕਿਸ਼ੋਰ ਵੱਲੋਂ ਵੀ ਮੀਟਿੰਗ ਕੀਤੀ ਗਈ ਹੈ। ਸ਼ਾਮ ਵਕਤ ਮੁੱਖ ਮੰਤਰੀ ਅਮਰਿੰਦਰ ਸਿੰਘ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲੇ ਅਤੇ ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ। ਸੂਤਰ ਦੱਸਦੇ ਹਨ ਕਿ ਮੀਟਿੰਗ ਵਿਚ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਜ਼ਾਰਤੀ ਫੇਰਬਦਲ ਲਈ ਹਰੀ ਝੰਡੀ ਮੰਗੀ ਅਤੇ ਸੰਭਾਵੀ ਚਿਹਰਿਆਂ ਨੂੰ ਸੋਨੀਆ ਗਾਂਧੀ ਕੋਲ ਰਾਜਸੀ ਕੱਦਾਵਾਰ ਬਣਾ ਕੇ ਪੇਸ਼ ਕੀਤਾ ਗਿਆ। ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਨਵੇਂ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਸਰਕਾਰ ’ਤੇ ਕੀਤੇ ਜਾ ਰਹੇ ਹਮਲਿਆਂ ਤੋਂ ਵੀ ਜਾਣੂ ਕਰਵਾਇਆ ਹੈ। ਸੂਤਰ ਦੱਸਦੇ ਹਨ ਕਿ ਮੀਟਿੰਗ ’ਚ ਅਗਲੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਕਮੇਟੀ, ਚੋਣ ਕਮੇਟੀ ਤੇ ਜਥੇਬੰਦਕ ਢਾਂਚੇ ਬਾਰੇ ਵੀ ਮਸ਼ਵਰਾ ਹੋਇਆ ਹੈ। ਚਰਚੇ ਹਨ ਕਿ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨੂੰ 18 ਨੁਕਾਤੀ ਏਜੰਡੇ ਨੂੰ ਮੁਕੰਮਲ ਰੂਪ ਵਿਚ ਲਾਗੂ ਕਰਨ ਦੀ ਹਦਾਇਤ ਕੀਤੀ ਹੈ।

ਵਜ਼ਾਰਤੀ ਫੇਰਬਦਲ ਬਾਰੇ ਕੋਈ ਚਰਚਾ ਨਹੀਂ ਹੋਈ: ਰਾਵਤ

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਾਰਟੀ ਪ੍ਰਧਾਨ ਨਾਲ ਮੁਲਾਕਾਤ ਦੌਰਾਨ 18 ਨੁਕਾਤੀ ਏਜੰਡੇ ’ਤੇ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਆਪਣਾ ਪੱਖ ਰੱਖਦੇ ਹੋਏ ਹਰ ਨੁਕਤੇ ਤੋਂ ਜਾਣੂ ਕਰਵਾਇਆ ਹੈ। ਰਾਵਤ ਨੇ ਸਾਫ਼ ਕਰ ਦਿੱਤਾ ਕਿ ਪੰਜਾਬ ਵਜ਼ਾਰਤ ਵਿਚ ਫੇਰਬਦਲ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਮੁੱਖ ਮੰਤਰੀ ਨੇ ਪੰਜਾਬ ਮੰਤਰੀ ਮੰਡਲ ਵਿਚ ਵਾਲਮੀਕ ਸਮਾਜ ਦੀ ਨੁਮਾਇੰਦਗੀ ਨਾ ਹੋਣ ਦਾ ਮੁੱਦਾ ਜ਼ਰੂਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਨੇ ਮੁੱਖ ਮੰਤਰੀ ਨੂੰ ਆਪਸੀ ਤਾਲਮੇਲ ਬਣਾ ਕੇ ਚੱਲਣ ਦੀ ਹਦਾਇਤ ਕੀਤੀ ਹੈ।

ਸ਼ਾਹ ਨੂੰ ਵੀ ਮਿਲੇ ਕੈਪਟਨ

ਚੰਡੀਗੜ੍ਹ : ਮੁੱਖ ਮੰਤਰੀ ਅਮਰਿੰਦਰ ਸਿੰਘ ਅੱਜ ਆਪਣੀ ਦਿੱਲੀ ਫੇਰੀ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਮਿਲੇ। ਉਨ੍ਹਾਂ ਕੇਂਦਰੀ ਮੰਤਰੀ ’ਤੇ ਖੇਤੀ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਲਈ ਜ਼ੋਰ ਪਾਇਆ ਹੈ। ਮੁੱਖ ਮੰਤਰੀ ਨੇ ਕਿਸਾਨ ਅੰਦੋਲਨ ਦੇ ਸਮਾਜਿਕ, ਆਰਥਿਕ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਪੈਣ ਵਾਲੇ ਅਸਰ ਦਾ ਵੀ ਹਵਾਲਾ ਦਿੱਤਾ। ਮੁੱਖ ਮੰਤਰੀ ਨੇ ਅਮਿਤ ਸ਼ਾਹ ਨੂੰ ਤਰਕ ਦਿੱਤਾ ਕਿ ਸਰਹੱਦ ਪਾਰ ਸਰਗਰਮ ਤਾਕਤਾਂ ਦੀ ਨੀਅਤ ਨੂੰ ਦੇਖਦੇ ਹੋਏ ਕਿਸਾਨਾਂ ਦੇ ਫ਼ਿਕਰਾਂ ਦਾ ਛੇਤੀ ਨਿਬੇੜਾ ਕੀਤਾ ਜਾਵੇ। ਅਮਰਿੰਦਰ ਨੇ ਕਿਸਾਨ ਅੰਦੋਲਨ ਦੌਰਾਨ ਮੌਤ ਦੇ ਮੂੰਹ ਪਏ ਕਿਸਾਨਾਂ ਤੇ ਕਾਮਿਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 100 ਰੁਪਏ ਪ੍ਰਤੀ ਕੁਇੰਟਲ ਮੁਆਵਜ਼ਾ ਦੇਣ ਅਤੇ ਡੀਏਪੀ ਦੀ ਘਾਟ ਦੇ ਵਧ ਰਹੇ ਖਦਸ਼ਿਆਂ ਨੂੰ ਦੂਰ ਕਰਨ ਲਈ ਕਿਹਾ।  ਮੁੱਖ ਮੰਤਰੀ ਨੇ ਅਪੀਲ ਕੀਤੀ ਕਿ ਉਹ ਖਾਦਾਂ ਬਾਰੇ ਵਿਭਾਗ ਨੂੰ ਪੰਜਾਬ ਲਈ ਸੋਧੀ ਹੋਈ ਮੰਗ ਮੁਤਾਬਕ ਡੀਏਪੀ ਦਾ ਸਟਾਕ ਵਧਾਉਣ ਲਈ ਤੁਰੰਤ ਸਲਾਹ ਦੇਣ ਤੇ ਸਮੇਂ ਸਿਰ ਢੁਕਵੀਂ ਸਪਲਾਈ ਯਕੀਨੀ ਬਣਾਈ ਜਾਵੇ। ਕੈਪਟਨ ਨੇ ਸਰਹੱਦ ਪਾਰੋਂ ਦਰਪੇਸ਼ ਖ਼ਤਰੇ ਦੇ ਮੱਦੇਨਜ਼ਰ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਵੀ ਮੰਗੀਆਂ। ਉਨ੍ਹਾਂ  ਬੀਐੱਸਐੱਫ ਲਈ ਡਰੋਨਾਂ ਨੂੰ ਨਸ਼ਟ ਕਰਨ ਵਾਲੇ ਉਪਕਰਨ ਵੀ ਮੰਗੇ।

Leave a Reply

Your email address will not be published. Required fields are marked *