ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਜਲਦੀ ਹੋਵੇਗੀ: ਸੁਰਜੇਵਾਲਾ

ਨਵੀਂ ਦਿੱਲੀ : ਜੀ-23 ਵਿੱਚ ਸ਼ਾਮਲ ਕੁਝ ਸੀਨੀਅਰ ਆਗੂਆਂ ਸਮੇਤ ਕੁਝ ਹੋਰਨਾਂ ਪਾਰਟੀ ਆਗੂਆਂ ਵੱਲੋਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਸੱਦਣ ਦੀ ਕੀਤੀ ਜਾ ਰਹੀ ਮੰਗ ਮਗਰੋਂ ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਅੱਜ ਕਿਹਾ ਕਿ ਜਲਦੀ ਹੀ ਸੀਡਬਲਿਊਸੀ ਦੀ ਮੀਟਿੰਗ ਹੋਵੇਗੀ। ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ ਪਿਛਲੇ ਹਫ਼ਤੇ ਇਸ਼ਾਰਾ ਕੀਤਾ ਸੀ ਕਿ ਫੈਸਲੇ ਲੈਣ ਵਾਲੀ ਪਾਰਟੀ ਦੀ ਸਭ ਤੋਂ ਵੱਡੀ ਜਥੇਬੰਦੀ ਦੀ ਮੀਟਿੰਗ ਜਲਦੀ ਹੀ ਸੱਦੀ ਜਾਵੇਗੀ। ਸੁਰਜੇਵਾਲਾ ਨੇ ਕਿਹਾ, ‘‘ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਿਮਲਾ ਜਾਣ ਤੋਂ ਪਹਿਲਾਂ ਇਸ਼ਾਰਾ ਕੀਤਾ ਸੀ ਕਿ ਜਲਦੀ ਹੀ ਸੀਡਬਲਿਊਸੀ ਦੀ ਮੀਟਿੰਗ ਸੱਦੀ ਜਾਵੇਗੀ। ਲਿਹਾਜ਼ਾ ਅਗਲੇ ਦਿਨਾਂ ਵਿੱਚ ਸੀਡਬਲਿਊਸੀਦ ਦੀ ਮੀਟਿੰਗ ਹੋਵੇਗੀ।’’ ਚੇਤੇ ਰਹੇ ਕਿ ਪੰਜਾਬ ਸਮੇਤ ਰਾਜਸਥਾਨ ਤੇ ਛੱਤੀਸਗੜ੍ਹ ਕਾਂਗਰਸ ਵਿੱਚ ਵਧਦੇ ਕਾਟੋ-ਕਲੇਸ਼ ਤੇ ਕਾਂਗਰਸੀਆਂ ਦੇ ਹੋਰਨਾਂ ਪਾਰਟੀਆਂ ਵਿੱਚ ਸ਼ਾਮਲ ਹੋਣ ਦੇ ਅਮਲ ਮਗਰੋਂ ਕਾਂਗਰਸ ਵਿੱਚ ਵੱਡੇ ਪੱਧਰ ’ਤੇ ਜੱਥੇਬੰਦਕ ਫੇਰਬਦਲ ਦੀ ਮੰਗ ਕਰਨ ਵਾਲੇ ਜੀ-23 ਆਗੂਆਂ ’ਚ ਸ਼ੁਮਾਰ ਸੀਨੀਅਰ ਪਾਰਟੀ ਆਗੂਆਂ ਗੁਲਾਮ ਨਬੀ ਆਜ਼ਾਦ ਤੇ ਕਪਿਲ ਸਿੱਬਲ ਨੇ ਸੀਡਬਲਿਊਸੀ ਦੀ ਮੀਟਿੰਗ ਫੌਰੀ ਸੱਦੇ ਜਾਣ ਦੀ ਮੰਗ ਕੀਤੀ ਸੀ। 

Leave a Reply

Your email address will not be published. Required fields are marked *