ਅਦਾਲਤ ’ਚ ਹਾਜ਼ਰ ਹੋਏ ਕੇਜਰੀਵਾਲ, ਮਿਲੀ ਜ਼ਮਾਨਤ

ਸੁਲਤਾਨਪੁਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਇੱਥੇ ਸੰਸਦ ਮੈਂਬਰ-ਵਿਧਾਇਕ ਅਦਾਲਤ (ਐੱਮ.ਪੀ.-ਐੱਮ.ਐੱਲ.ਏ. ਕੋਰਟ)’ਚ ਆਪਣੇ ਵਿਰੁੱਧ 2014 ’ਚ ਦਰਜ ਚੋਣ ਜ਼ਾਬਤਾ ਉਲੰਘਣ ਮਾਮਲੇ ’ਚ ਪੇਸ਼ ਹੋਏ। ਸੰਸਦ ਮੈਂਬਰ-ਵਿਧਾਇਕ ਅਦਾਲਤ ਦੇ ਜੱਜ ਪੀ.ਕੇ. ਜਯੰਤ ਨੇ ਦੋਹਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਸੁਣਵਾਈ ਦੀ ਅਗਲੀ ਤਾਰੀਖ਼ ਤਿੰਨ ਨਵੰਬਰ ਤੈਅ ਕੀਤੀ। ਕੇਜਰੀਵਾਲ ਦੇ ਐਡਵੋਕੇਟ ਮਦਨ ਸਿੰਘ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੌਰਾਨ 2014 ’ਚ ਅਮੇਠੀ ਦੇ ਗੌਰੀਗੰਜ ਅਤੇ ਮੁਸਾਫਿਰਖਾਨਾ ਥਾਣੇ ’ਚ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਜ਼ਾਬਤਾ ਦੇ 2 ਮਾਮਲੇ ਦਰਜ ਕੀਤੇ ਗਏ ਸਨ। ਕੇਜਰੀਵਾਲ ਨੂੰ ਵਿਅਕਤੀਗਤ ਪੇਸ਼ੀ ’ਚ ਛੋਟ ਮਿਲੀ ਸੀ, ਕਿਉਂਕਿ ਉਨ੍ਹਾਂ ਨੇ ਸੁਪਰੀਮ ਕੋਰਟ ’ਚ ਦੋਵੇਂ ਮਾਮਲਿਆਂ ’ਚ ਇਕ ਲਿਖਤੀ ਪਟੀਸ਼ਨ ਦਾਇਰ ਕੀਤੀ ਸੀ। ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸੁਣਵਾਈ ਜਲਦੀ ਅੱਗੇ ਵਧਾਉਣ ਲਈ ਇਕ ਜ਼ਿੰਮੇਵਾਰ ਨਾਗਰਿਕ ਦੇ ਰੂਪ ’ਚ ਕੇਜਰੀਵਾਲ ਅਦਾਲਤ ਦੇ ਸਾਹਮਣੇ ਹਾਜ਼ਰ ਹੋਏ।

ਸਿੰਘ ਨੇ ਕਿਹਾ,‘‘ਕੇਜਰੀਵਾਲ ਨੇ ਜ਼ਮਾਨਤ ਲਈ ਅਰਜ਼ੀ ਦਿੱਤੀ ਅਤੇ ਜ਼ਮਾਨਤ ਮਨਜ਼ੂਰ ਹੋਈ ਹੈ। ਇਕ ਮੁਕੱਦਮੇ ’ਚ ਦੋਸ਼ ਤੈਅ ਹੋਇਆ ਹੈ ਅਤੇ ਅਦਾਲਤ ਨੇ ਸੁਣਵਾਈ ਦੀ ਅਗਲੀ ਤਾਰੀਖ਼ ਤਿੰਨ ਨਵੰਬਰ ਤੈਅ ਕੀਤੀ ਹੈ।’’ ਕੇਜਰੀਵਾਲ 2014 ਦੀਂ ਲੋਕ ਸਭਾ ਚੋਣਾਂ ’ਚ ਆਪਣੀ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਕੁਮਾਰ ਵਿਸ਼ਵਾਸ ਦੇ ਪ੍ਰਚਾਰ ਲਈ ਅਮੇਠੀ ਗਏ ਅਤੇ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇ ਕੇ ਚੋਣ ਜ਼ਾਬਤਾ ਦਾ ਉਲੰਘਣ ਕੀਤਾ। ਇਸ ਸੰਬੰਧ ’ਚ ਕੇਜਰੀਵਾਲ, ਕੁਮਾਰ ਵਿਸ਼ਵਾਸ, ਹਰਿਕ੍ਰਿਸ਼ਨਾ, ਰਾਕੇਸ਼ ਤਿਵਾੜੀ, ਅਜੇ ਸਿੰਘ ਅਤੇ ਬਬਲੂ ਤਿਵਾੜੀ ਵਿਰੁੱਧ ਗੌਰੀਗੰਜ ਅਤੇ ਮੁਸਾਫਿਰਖਾਨਾ ਥਾਣੇ ’ਚ ਸ਼ਿਕਾਇਤ ਦਰਜ ਕੀਤੀ ਗਈ ਸੀ। ਗੌਰੀਗੰਜ ਮਾਮਲੇ ’ਚ ਪੁਲਸ ਨੇ ਦੋਸ਼ੀ ਵਿਰੁੱਧ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਲਖਨਊ ਪਹੁੰਚੇ ਅਤੇ ਅਦਾਲਤ ਦੀ ਸੁਣਵਾਈ ਲਈ ਸੁਲਤਾਨਪੁਰ ਚਲੇ ਗਏ। ਸੋਮਵਾਰ ਨੂੰ ਉਹ ਅਯੁੱਧਿਆ ਦਾ ਦੌਰਾ ਕਰਨਗੇ ਅਤੇ ਉਨ੍ਹਾਂ ਦੇ ਸਰਊ ਆਰਤੀ ’ਚ ਸ਼ਾਮਲ ਹੋਣ ਦੀ ਉਮੀਦ ਹੈ। ਮੰਗਲਵਾਰ ਨੂੰ ਉਹ ਰਾਮਲਲਾ ਅਤੇ ਹਨੂੰਮਾਨ ਗੜ੍ਹੀ ਮੰਦਰ ’ਚ ਦਰਸ਼ਨ ਕਰਨਗੇ।

Leave a Reply

Your email address will not be published. Required fields are marked *