ਆਨਲਾਈਨ ਕਲਾਸ ਦੌਰਾਨ ਅਧਿਆਪਕਾ ਨੇ ਜ਼ਾਹਰ ਕੀਤੀ ਇਹ ਇੱਛਾ, ਕੁਝ ਪਲਾਂ ਬਾਅਦ ਹੋਈ ਮੌਤ

ਕਾਸਰਗੋਡ- ਕੇਰਲ ਦੇ ਕਾਸਰਗੋਡ ਜ਼ਿਲ੍ਹੇ ’ਚ ਕੱਲਰ ’ਚ ਇਕ ਨਿੱਜੀ ਸਕੂਲ ਦੀ ਅਧਿਆਪਕਾ ਨੂੰ ਆਪਣੇ ਫ਼ੋਨ ’ਤੇ ਆਨਲਾਈਨ ਮਾਧਿਅਮ ਨਾਲ ਪੜ੍ਹਾਉਂਦੇ ਸਮੇਂ ਬੇਚੈਨੀ ਹੋਈ ਅਤੇ ਉਹ ਬੇਹੋਸ਼ ਹੋ ਗਈ। ਉਸ ਦੇ ਕੁਝ ਹੀ ਮਿੰਟ ਬਾਅਦ ਉਨ੍ਹਾਂ ਦਾ ਦਿਹਾਂਤ ਹੋ ਗਿਆ। ਪਰਿਵਾਰ ਦੇ ਇਕ ਮੈਂਬਰ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਰਵਾਰ ਰਾਤ ਗਣਿਤ ਪੜ੍ਹਾ ਰਹੀ ਅਧਿਆਪਕਾ ਨੇ ਕੁਝ ਹੀ ਦੇਰ ਪਹਿਲਾਂ ਆਪਣੇ ਵਿਦਿਆਰਥੀਆਂ ਨੂੰ ਦੇਖਣ ਦੀ ਇੱਛਾ ਜ਼ਾਹਰ ਕੀਤੀ ਸੀ। ਅਡੋਟੁਕਯਾ ਸਥਿਤ ਗਵਰਨਮੈਂਟ ਵੈਲਫੇਅਰ ਲੋਅਰ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਮਾਧਵੀ ਸੀ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਗਣਿਤ ਪੜ੍ਹਾ ਰਹੀ ਸੀ ਪਰ ਬੇਚੈਨੀ ਤੋਂ ਬਾਅਦ ਉਨ੍ਹਾਂ ਨੂੰ ਕਲਾਸ ਖ਼ਤਮ ਕਰਨੀ ਪਈ।

ਅਧਿਆਪਕਾ ਦੇ ਮੋਬਾਇਲ ਫੋਨ ’ਚ ਆਨਲਾਈਨ ਕਲਾਸ ਦੀ ਰਿਕਾਰਡਿੰਗ ਹੁਣ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਵਿਦਿਆਰਥੀਆਂ ਲਈ ਇਕ ਦਰਦਨਾਕ ਯਾਦ ਬਣ ਗਈ ਹੈ। ਪੜ੍ਹਾਉਂਦੇ ਸਮੇਂ ਅਚਾਨਕ ਮਾਧਵੀ ਨੂੰ ਬੇਚੈਨੀ ਅਤੇ ਸਾਹ ਲੈਣ ’ਚ ਕਠਿਨਾਈ ਹੋਈ ਅਤੇ ਫਿਰ ਖੰਘ ਆਉਣ ਲੱਗੀ। ਰਿਕਾਰਡਿੰਗ ’ਚ ਅਧਿਆਪਕਾ ਨੂੰ ਵਿਦਿਆਰਥੀਆਂ ਨੂੰ ਇਹ ਕਹਿੰਦੇ ਹੋਏ ਵੀ ਸੁਣਿਆ ਜਾ ਸਕਦਾ ਹੈ ਕਿ ਅਗਲੇ ਹਫ਼ਤੇ ਸਕੂਲ ਮੁੜ ਖੁੱਲ੍ਹ ਜਾਣਗੇ ਅਤੇ ਉਹ ਸਾਰੇ ਵਿਦਿਆਰਥੀਆਂ ਨੂੰ ਦੇਖਣਾ ਚਾਹੁੰਦੀ ਹੈ। ਮਾਧਵੀ ਨੇ ਵਿਦਿਆਰਥੀਆਂ ਨੂੰ ਹੋਮਵਰਕ ਦੇ ਕੇ ਅਚਾਨਕ ਕਲਾਸ ਖ਼ਤਮ ਕਰ ਦਿੱਤੀ। ਕੁਝ ਦੇਰ ਬਾਅਦ ਘਰ ਆਏ ਇਕ ਰਿਸ਼ਤੇਦਾਰ ਨੇ ਮਾਧਵੀ ਨੂੰ ਬੇਹੋਸ਼ੀ ਦੀ ਹਾਲਤ ’ਚ ਫਰਸ਼ ’ਤੇ ਪਿਆ ਦੇਖਿਆ। ਉਹ ਅਧਿਆਪਕਾ ਨੂੰ ਕੋਲ ਦੇ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਮਾਧਵੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਧਿਆਪਕਾ ਦੀ ਮੌਤ ਦਾ ਕਾਰਨ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ।

Leave a Reply

Your email address will not be published. Required fields are marked *