ਤਾਲਾਬੰਦੀ ਦੌਰਾਨ ਖੁਲ੍ਹਿਆ ਸਕੂਲ, ਕਮਰੇ ‘ਚ ਬੰਦ ਮਿਲੇ ਬੱਚੇ ਅਤੇ 15 ਅਧਿਆਪਕ

ਕਰਨਾਲ : ਦੇਸ਼ ਭਰ ‘ਚ ਖ਼ਤਰਨਾਕ ਕੋਰੋਨਾਵਾਇਰਸ ਕਾਰਨ ਤਾਲਾਬੰਦੀ ਲਾਗੂ ਹੈ। ਇਸ ਦੇ ਦੌਰਾਨ ਹਰਿਆਣਾ ‘ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਸੀ.ਐੱਮ. ਸਿਟੀ ਕਰਨਾਲ ‘ਚ ਲਾਕਡਾਊਨ ਦੇ ਬਾਵਜੂਦ ਇਕ ਸਕੂਲ ਖੋਲ੍ਹਿਆ ਗਿਆ ਅਤੇ ਬੱਚੇ ਵੀ ਸਕੂਲ ‘ਚ ਮੌਜੂਦ ਸੀ। ਮੌਕੇ ‘ਤੇ ਸਿਖਿਆ ਵਿਭਾਗ ਦੀ ਟੀਮ ਪਹੁੰਚੀ ਤਾਂ ਕਮਰੇ ‘ਚ 15 ਅਧਿਆਪਕ ਵੀ ਬਾਹਰ ਕੱਢੇ ਗਏ।
ਦਰਅਸਲ ਇਹ ਮਾਮਲਾ ਸ਼ਹਿਰ ਦੇ ਇਕ ਐਸ.ਬੀ ਮਿਸ਼ਨ ਸਕੂਲ ਦਾ ਹੈ, ਜਿਸ ਦੇ ਖੁਲ੍ਹਣ ਅਤੇ ਕਲਾਸਾਂ ਚੱਲਣ ਦੀ ਜਾਣਕਾਰੀ ਕਿਸੇ ਨੇ ਸਕੂਲ ਵਿਭਾਗ ਨੂੰ ਦਿਤੀ।

ਜਦੋਂ ਸਿਖਿਆ ਵਿਭਾਗ ਦੀ ਟੀਮ ਪਹੁੰਚੀ ਤਾਂ ਬੱਚੇ ਕਲਾਸ ‘ਚ ਬੈਠ ਕੇ ਪੜ੍ਹ ਰਹੇ ਸਨ। ਇਸ ਦੇ ਨਾਲ ਹੀ ਸਕੂਲ ਮੈਨੇਜਮੈਂਟ ਨੂੰ ਜਦੋਂ ਅਧਿਆਪਕਾਂ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਨੂੰ ਕੋਈ ਗੱਲ ਨਾ ਆਈ। ਮੌਕੇ ‘ਤੇ ਸਕੂਲ ਦਾ ਇਕ ਕਮਰਾ ਬੰਦ ਸੀ, ਜਦੋਂ ਕਮਰਾ ਖੋਲ੍ਹਿਆ ਗਿਆ ਤਾਂ ਅੰਦਰੋਂ ਲਗਭਗ 15 ਅਧਿਆਪਕ ਵੀ ਬਾਹਰ ਕੱਢੇ ਗਏ।

ਦਸਣਯੋਗ ਹੈ ਕਿ ਲਾਕਡਾਊਨ ਕਰ ਕੇ ਹਰਿਆਣਾ ‘ਚ ਸਾਰੇ ਪ੍ਰਾਈਵੇਟ ਅਤੇ ਸਰਕਾਰੀ ਸਕੂਲ ਬੰਦ ਕਰਨ ਦੇ ਆਦੇਸ਼ ਦਿਤੇ ਗਏ ਸੀ। ਇਨ੍ਹਾਂ ਹੁਕਮਾਂ ਦੇ ਬਾਵਜੂਦ ਸਕੂਲ ਮੈਨੇਜਮੈਂਟ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਸਕੂਲ ਬੁਲਾਇਆ। ਸੂਚਨਾ ਮਿਲਣ ‘ਤੇ ਸਿਖਿਆ ਅਧਿਕਾਰੀ ਰਵਿੰਦਰ ਚੌਧਰੀ, ਸੀ.ਡਬਲਿਊ.ਸੀ. ਚੇਅਰਮੈਨ ਸਮੇਤ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪੁੱਜੇ।

ਸਕੂਲ ਮੈਨੇਜਮੈਂਟ ਕਮੇਟੀ ਨੇ ਅਜੀਬ ਦਲੀਲ ਦਿਤੀ ਹੈ। ਉਨ੍ਹਾਂ ਦਸਿਆ ਕਿ ਕੁਝ ਮਾਪੇ ਅਪਣੇ ਬੱਚਿਆਂ ਨੂੰ ਲੈ ਕੇ ਕਿਤਾਬਾਂ ਲੈਣ ਲਈ ਆਏ ਸਨ ਪਰ ਸਕੂਲ ਮੈਨੇਜਮੈਂਟ ਦੀ ਇਹ ਦਲੀਲ ਉਸ ਵੇਲੇ ਝੂਠੀ ਸਾਬਤ ਹੋ ਗਈ, ਜਦੋਂ ਵਖਰੀ ਕਲਾਸ ‘ਚ ਬਿਨਾਂ ਮਾਸਕ ਤੋਂ ਬੱਚਿਆਂ ਨੂੰ ਬਿਠਾਇਆ ਹੋਇਆ ਸੀ। ਕੁੱਝ ਕਮਰਿਆਂ ਨੂੰ ਬਾਹਰੋਂ ਤਾਲਾ ਲਗਾ ਕੇ ਪੜ੍ਹਾਈ ਕਰਵਾਈ ਜਾ ਰਹੀ ਸੀ।

Leave a Reply

Your email address will not be published. Required fields are marked *