ਪੈਟਰੋਲ ਪੰਪ ਐਸੋਸੀਏਸ਼ਨ ਨੇ ਹੜਤਾਲ ਦਾ ਫ਼ੈਸਲਾ ਲਿਆ ਵਾਪਸ

ਲੁਧਿਆਣਾ : ਪੈਟਰੋਲੀਅਮ ਡੀਲਰ ਐਸੋਸੀਏਸ਼ਨ ਪੰਜਾਬ ਨੇ 7 ਨਵੰਬਰ ਤੋਂ ਸੂਬੇ ਭਰ ਵਿਚ ਪੈਟੋਰਲ ਪੰਪ ਬੰਦ ਕਰਨ ਦੀ ਹੜਤਾਲ ਦਾ ਫ਼ੈਸਲਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਇਸ ਦਾ ਐਲਾਨ ਅੱਜ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਵਿਚ ਆਯੋਜਿਤ ਕੀਤੀ ਗਈ ਮੀਟਿੰਗ ਵਿਚ ਕੀਤਾ ਗਿਆ ਹੈ। ਪ੍ਰਧਾਨ ਪਰਮਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਇਹ ਹੜਤਾਲ ਨਹੀਂ ਕੀਤੀ ਜਾਵੇਗੀ ਕਿਉਂਕਿ ਐਸੋਸੀਏਸ਼ਨ ਨੂੰ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਵਿਚ ਪੈਟਰੋਲ ਡੀਜ਼ਲ ਦੇ ਭਾਅ ਲਗਭਗ 12 ਰੁਪਏ ਲੀਟਰ ਤਕ ਘੱਟ ਕੀਤੇ ਜਾ ਸਕਦੇ ਹਨ।

ਦੱਸਣਯੋਗ ਹੈ ਕਿ ਪੰਜਾਬ ਦੇ ਪੈਟਰੋਲ ਪੰਪ ਮਾਲਕਾਂ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਵਿਚ ਪੈਟਰੋਲ ਪੰਪ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤੱਕ ਹੀ ਖੋਲ੍ਹਣ ਦਾ ਐਲਾਨ ਕੀਤਾ ਸੀ। ਪੰਪ ਡੀਲਰਾਂ ਦਾ ਆਖਣਆ ਹੈ ਕਿ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਇਸ ਨਾਲ ਉਨ੍ਹਾਂ ਦੀ ਇਨਪੁਟ ਲਾਗਤ ਵੱਧਦੀ ਜਾ ਰਹੀ ਹੈ। ਇਸ ਦੇ ਮੁਕਾਬਲੇ ਉਨ੍ਹਾਂ ਦੇ ਕਮੀਸ਼ਨ ਵਿਚ ਕੋਈ ਇਜ਼ਾਫਾ ਨਹੀਂ ਹੋਇਆ। ਪਿਛਲੇ 5 ਸਾਲਾਂ ਵਿਚ ਲਾਗਤ ਦੁੱਗਣੀ ਹੋ ਚੁੱਕੀ ਹੈ। ਇਸ ਸੰਬੰਧੀ ਸਰਕਾਰ ਨਾਲ ਕਈ ਵਾਰ ਮੀਟਿੰਗ ਹੋ ਚੁੱਕੀ ਹੈ। ਜਿਸ ਵਿਚ ਉਹ ਕੀਮਤਾਂ ’ਤੇ ਕਾਬੂ ਪਾਉਣ ਨੂੰ ਲੈ ਕੇ ਅਤੇ ਕਮੀਸ਼ਨ ਵਧਾਉਣ ਦੀ ਮੰਗ ਕਰ ਚੁੱਕੇ ਹਨ। ਇਸ ਦੇ ਬਾਵਜੂਦ ਕੋਈ ਫ਼ੈਸਲਾ ਨਹੀਂ ਹੋਇਆ।

ਐਸੋਸੀਏਸ਼ਨ ਦਾ ਆਖਣਾ ਹੈ ਕਿ ਪੈਟਰੋਲ ਪੰਪ 24 ਘੰਟੇ ਜਾਂ ਦੇਰ ਰਾਤ ਤੱਕ ਖੋਲ੍ਹਣ ਕਾਰਣ ਉਨ੍ਹਾਂ ਦਾ ਖ਼ਰਚਾ ਵੱਧ ਰਿਹਾ ਹੈ। ਇਸ ਦੇ ਬਾਵਜੂਦ ਕਮਾਈ ਘੱਟ ਹੋ ਰਹੀ ਹੈ। ਇਸ ਕਾਰਣ ਉਹ ਹੁਣ ਸਵੇਰੇ ਦੇਰ ਨਾਲ ਪੰਪ ਖੋਲ੍ਹਣਗੇ ਅਤੇ ਸ਼ਾਮ ਨੂੰ ਵੀ ਜਲਦੀ ਬੰਦ ਕਰ ਦੇਣਗੇ। ਇਸ ਨਾਲ ਉਨ੍ਹਾਂ ਦੀ ਲਾਗਤ ਵਿਚ ਕੁੱਝ ਕਮੀ ਆਵੇਗੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਫਿਲਹਾਲ 7 ਤੋਂ ਲੈ ਕੇ 21 ਨਵੰਬਰ ਤਕ ਇਹ ਫ਼ੈਸਲਾ ਲਾਗੂ ਰਹੇਗਾ। ਜੇ ਅਗਲੇ 15 ਦਿਨਾਂ ਵਿਚ ਵੀ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਹੈ ਤਾਂ 22 ਨਵੰਬਰ ਨੂੰ ਪੂਰੇ ਦਿਨ ਲਈ ਪੈਟਰੋਲ ਪੰਪ ਬੰਦ ਰੱਖੇ ਜਾਣਗੇ ਅਤੇ ਉਹ ਅੱਗੇ ਦੀ ਰਣਨੀਤੀ ’ਤੇ ਵਿਚਾਰ ਕਰਨਗੇ। ਫਿਲਹਾਲ ਹੁਣ ਐਸੋਸੀਏਸ਼ਨ ਨੇ ਇਹ ਹੜਤਾਲ ਟਾਲ ਦਿੱਤੀ ਹੈ।

Leave a Reply

Your email address will not be published. Required fields are marked *