ਕਿਸਾਨ ਸੰਘਰਸ਼ ਦੀ ਯਾਦਗਾਰ ਬਣਾਵਾਂਗੇ : ਚੰਨੀ

ਚੰਡੀਗੜ੍ਹ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਦੇ ਬਾਵਜੂਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਭਾਜਪਾ ’ਤੇ ਵੱਡੇ ਹਮਲੇ ਬੋਲੇ ਹਨ, ਉਥੇ ਹੀ ਅਕਾਲੀ ਦਲ ਨੂੰ ਵੀ ਨਿਸ਼ਾਨੇ ’ਤੇ ਲਿਆ ਹੈ। ਚੰਨੀ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਹੀ ਕਾਲੇ ਕਾਨੂੰਨ ਲੈ ਕੇ ਆਂਦੇ ਸਨ। ਇਸ ਦੌਰਾਨ ਸ਼ਾਇਰਾਨਾ ਅੰਦਾਜ਼ ਵਿਚ ਮੁੱਖ ਮੰਤਰੀ ਨੇ ਆਖਿਆ ਕਿ ‘ਸਬ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਯਾ ਆਏ’। ਚੰਨੀ ਨੇ ਕਿਹਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੀਆਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੱਡੀ ਕੀਮਤਾਂ ਚਕਾਉਣੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਖੇਤੀ ਕਾਨੂੰਨਾਂ ਸੰਬੰਧੀ ਆਰਡੀਨੈਂਸ ਬਣੇ ਸਨ ਤਾਂ ਕੇਂਦਰ ਸਰਕਾਰ ਨੂੰ ਉਦੋਂ ਹੀ ਸਮਝ ਆ ਜਾਣੀ ਚਾਹੀਦੀ ਸੀ ਕਿ ਦੇਸ਼ ਦੇ ਲੋਕ ਇਸ ਨੂੰ ਸਵਿਕਾਰ ਨਹੀਂ ਕਰ ਰਹੇ ਪਰ ਕੇਂਦਰ ਦੀ ਇੱਕ ਜ਼ਿੱਦ ਨੇ ਇਨ੍ਹਾਂ ਨੂੰ ਲਟਕਾਈ ਰੱਖਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ’ਤੇ ਸੁਪਰੀਮ ਕੋਰਟ ਦੇ ਰੋਕ ਲਗਾਉਣ ਦੇ ਬਾਵਜੂਦ ਇਨ੍ਹਾਂ ਨੂੰ ਲਮਕਾਇਆ ਗਿਆ ਜਦਕਿ ਅਖੀਰ ਤੱਕ ਕਿਸਾਨਾਂ, ਮਜ਼ਦੂਰਾਂ ਤੇ ਲੋਕਾਂ ਨੂੰ ਤੰਗ ਕੀਤਾ ਗਿਆ। ਕਹਿੰਦੇ ਨੇ ਮੱਛੀ ਮੁੜਦੀ ਹੈ ਪੱਥਰ ਚੱਟ ਕੇ, ਇਸੇ ਤਰ੍ਹਾਂ ਹੁਣ ਜਦੋਂ ਚੋਣਾਂ ਆ ਗਈਆਂ ਕਿਸਾਨ ਮਜ਼ਦੂਰ ਮਾਰੇ ਗਏ ਅਤੇ ਜਦੋਂ ਕੋਈ ਚਾਰਾ ਨਹੀਂ ਚੱਲਿਆ ਤਾਂ ਕੇਂਦਰ ਨੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਲੈ ਲਿਆ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤਕ ਇਹ ਕਾਨੂੰਨ ਵਾਪਸ ਲੈ ਕੇ ਰੱਦ ਨਹੀਂ ਹੁੰਦੇ, ਉਦੋਂ ਤਕ ਅਸੀਂ ਕੇਂਦਰ ’ਤੇ ਵਿਸ਼ਵਾਸ ਨਹੀਂ ਕਰਾਂਗੇ। ਇਸ ਤੋਂ ਇਲਾਵਾ ਐੱਮ. ਐੱਸ. ਪੀ. ਦੀ ਗਾਰੰਟੀ ਵੀ ਸਰਕਾਰ ਨੂੰ ਦੇਣੀ ਚਾਹੀਦੀ ਹੈ। ਅੱਗੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਘਰਸ਼ ਦੌਰਾਨ ਕਿਸਾਨ ਅਤੇ ਮਜ਼ਦੂਰਾਂ ਨੇ ਕੀਮਤੀ ਜਾਨਾਂ ਗੁਆਈਆਂ ਹਨ, ਇਸ ਲਈ ਪੰਜਾਬ ਸਰਕਾਰ ਇਸ ਸੰਘਰਸ਼ ਨੂੰ ਸਮਰਪਿਤ ਮੈਮੋਰੀਅਲ ਉਸਾਰੇਗੀ, ਇਸ ਲਈ ਬਕਾਇਦਾ ਕਿਸਾਨ ਮੋਰਚੇ ਵਲੋਂ ਕਿਸੇ ਨਾਂ ਦੀ ਪੇਸ਼ਕਸ਼ ਕੀਤੀ ਜਾਵੇਗੀ, ਮੋਰਚਾ ਜਿਹੜਾ ਵੀ ਨਾਂ ਦੇਵੇਗੀ, ਉਸੇ ਨਾਂ ’ਤੇ ਮੈਮੋਰੀਅਲ ਉਸਾਰਿਆ ਜਾਵੇਗਾ।

ਮੁੱਖ ਮੰਤਰੀ ਨੇ ਅਕਾਲੀ ਦਲ ਨੇ ਭਾਜਪਾ ਸਰਕਾਰ ਨਾਲ ਇਕ ਸੋਚੀ ਸਮਝੀ ਸਾਜ਼ਿਸ਼ ਤਹਿ, ਇਨ੍ਹਾਂ ਕਾਨੂੰਨਾਂ ਨੂੰ ਲਿਆਂਦਾ ਸੀ। ਦੇਸ਼ ਨੂੰ ਪਾੜਨ ਅਤੇ ਕਿਸਾਨਾਂ ਨੂੰ ਰੋਲ੍ਹਣ ਲਈ ਹੀ ਇਹ ਕਾਨੂੰਨ ਪਾਸ ਕੀਤੇ ਗਏ ਸਨ। ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨੂੰ ਇਹ ਕਾਨੂੰਨ ਵਿਚ ਮੋਢਾ ਦਿੱਤਾ ਸੀ, ਅਤੇ ਭਾਜਪਾ ਨੇ ਅਕਾਲੀ ਦਲ ਦੇ ਮੋਢੇ ’ਤੇ ਰੱਖ ਕੇ ਹੀ ਬੰਦੂਕ ਚਲਾਈ ਸੀ। ਇਸ ਤੋਂ ਬਾਅਦ ਅਕਾਲੀ ਦਲ ਨੇ ਰੱਜ ਕੇ ਖੇਤੀ ਕਾਨੂੰਨਾਂ ਦੀ ਤਾਰੀਫ ਕੀਤੀ, ਇਥੋਂ ਤੱਕ ਪ੍ਰਕਾਸ਼ ਸਿੰਘ ਬਾਦਲ ਨੇ ਵੀਡੀਓ ਵੀ ਜਾਰੀ ਕੀਤੇ, ਜਦੋਂ ਕਿਸਾਨਾਂ ਨੇ ਅਕਾਲੀ ਦਲ ਦਾ ਰਾਹ ਰੋਕਣਾ ਸ਼ੁਰੂ ਕਰ ਦਿੱਤਾ ਅਤੇ ਪੰਜਾਬ ਵਿਚ ਨਾ ਵੜਨ ਦੇਣ ਦਾ ਐਲਾਨ ਕੀਤਾ ਤਾਂ ਜੋ ਜਾ ਕੇ ਅਕਾਲੀ ਦਲ ਨੇ ਗਠਜੋੜ ਤੋੜਨ ਦਾ ਐਲਾਨ ਕੀਤਾ। ਚੰਨੀ ਨੇ ਕਿਹਾ ਕਿ ਪੰਜਾਬ ਦਾ ਨੁਕਸਾਨ ਕਰਨ ਲਈ ਕਈ ਪਾਸਿਓਂ ਸਾਜ਼ਿਸ਼ਾਂ ਹੋਈਆਂ ਸਨ।

ਇਸ ਦੌਰਾਨ ਆਮ ਆਦਮੀ ਪਾਰਟੀ ’ਤੇ ਵੱਡਾ ਹਮਲਾ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਨੇ ਤਿੰਨ ਕਾਲੇ ਕਾਨੂੰਨਾਂ ’ਚੋਂ ਇਕ ਨੂੰ ਦਿੱਲੀ ਵਿਚ ਲਾਗੂ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਰਕਾਰ ਨੇ ਤਾਂ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਦਿੱਲੀ ਸਰਕਾਰ ਵੀ ਨੋਟੀਫਿਕੇਸ਼ ਕਰਕੇ ਇਸ ਨੂੰ ਰੱਦ ਕਰੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰਫ ਵੋਟਾਂ ਦੀ ਰਾਜਨੀਤੀ ਕਰ ਰਹੀ ਹੈ।

Leave a Reply

Your email address will not be published. Required fields are marked *