ਕਰੋਨਾਵਾਇਰਸ: ਭਾਰਤ ਵਿਚ ਰੋਜ਼ਾਨਾ ਦੀ ਪਾਜ਼ੇਟਿਵਿਟੀ ਦਰ 19.65 ਫ਼ੀਸਦ ਵਧੀ

ਨਵੀਂ ਦਿੱਲੀ: ਭਾਰਤ ਵਿਚ ਇਕ ਦਿਨ ’ਚ ਕੋਵਿਡ-19 ਦੇ 2,58,089 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,73,80,253 ਹੋ ਗਈ। ਲਾਗ ਦੇ ਕੁੱਲ ਮਾਮਲਿਆਂ ਵਿਚ ਕਰੋਨਾਵਾਇਰਸ ਦੇ ‘ਓਮੀਕਰੋਨ’ ਸਰੂਪ ਦੇ 8209 ਮਾਮਲੇ ਵੀ ਸ਼ਾਮਲ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਵਿਚ 29 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਹੁਣ ਤੱਕ ਕਰੋਨਾਵਾਇਰਸ ਦੇ ਓਮੀਕਰੋਨ ਸਰੂਪ ਦੇ 8209 ਮਾਮਲੇ ਆਏ ਹਨ। ਇਨ੍ਹਾਂ ਵਿੱਚੋਂ 3109 ਲੋਕ ਠੀਕ ਹੋ ਚੁੱਕੇ ਹਨ ਜਾਂ ਹੋਰ ਥਾਵਾਂ ’ਤੇ ਚਲੇ ਗਏ ਹਨ। ਮੰਤਰਾਲੇ ਨੇ ਦੱਸਿਆ ਕਿ ਓਮੀਕਰੋਨ ਦੇ ਸਭ ਤੋਂ ਜ਼ਿਆਦਾ 1738 ਮਾਮਲੇ ਮਹਾਰਾਸ਼ਟਰ ਵਿਚ ਸਾਹਮਣੇ ਆਏ। ਉਪਰੰਤ ਪੱਛਮੀ ਬੰਗਾਲ ’ਚ 1672, ਰਾਜਸਥਾਨ ’ਚ 1276, ਦਿੱਲੀ ਵਿਚ 549, ਕਰਨਾਟਕ ’ਚ 548 ਅਤੇ ਕੇਰਲ ’ਚ 536 ਕੇਸ ਸਾਹਮਣੇ ਆਏ ਹਨ। ਮਾਹਿਰਾਂ ਅਨੁਸਾਰ ਇਸ ਮੌਜੂਦਾ ਲਹਿਰ ਵਿਚ ਜ਼ਿਆਦਾਤਰ ਮਾਮਲੇ ਓਮੀਕਰੋਨ ਦੇ ਹੀ ਹਨ। ਅੰਕੜਿਆਂ ਅਨੁਸਾਰ ਦੇਸ਼ ਵਿਚ ਕੋਵਿਡ-19 ਦੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਧ ਕੇ 16,56,341 ਹੋ ਗਈ ਹੈ ਜੋ ਕਿ ਕੁੱਲ ਮਾਮਲਿਆਂ ਦਾ 4.43 ਫ਼ੀਸਦ ਹੈ ਅਤੇ ਕਰੀਬ 230 ਦਿਨਾਂ ਵਿਚ ਸਭ ਤੋਂ ਵੱਧ ਹੈ। ਉੱਧਰ, ਕਰੋਨਾ ਕਾਰਨ ਪਿਛਲੇ 24 ਘੰਟਿਆਂ ’ਚ 385 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਿਸ ਨਾਲ ਕੋਵਿਡ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 4,86,451 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਦੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ’ਚ 1,05,964 ਦਾ ਵਾਧਾ ਦਰਜ ਕੀਤਾ ਗਿਆ। ਅੰਕੜਿਆਂ ਅਨੁਸਾਰ, ਲਾਗ ਦੀ ਰੋਜ਼ਾਨਾ ਦਰ 19.65 ਫ਼ੀਸਦ ਅਤੇ ਹਫ਼ਤਾਵਾਰੀ ਦਰ 14.41 ਫ਼ੀਸਦ ਦਰਜ ਕੀਤੀ ਗਈ ਜਦਕਿ ਮੌਤ ਦਰ 1.30 ਫ਼ੀਸਦ ਹੈ।

Leave a Reply

Your email address will not be published. Required fields are marked *