ਅਨਪੜ੍ਹਾਂ ਵਾਂਗ ਕੰਮ ਕਰ ਰਹੀ ਹੈ ਸਰਕਾਰ: ਸੋਨੀਆ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਕੋਵਿਡ-19 ਕਾਰਨ ਦੇਸ਼ ਅੰਦਰ ਬਣੇ ਹਾਲਾਤ ਦੇ ਮੱਦੇਨਜ਼ਰ ਕੇਂਦਰ ਸਰਕਾਰ ’ਤੇ ਹੱਲਾ ਬੋਲਿਆ ਅਤੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਆਪਣੇ ਲੋਕਤਾਂਤਰਿਕ ਹੋਣ ਦੇ ਸਾਰੇ ਭੁਲੇਖੇ ਦੂਰ ਕਰ ਦਿੱਤੇ ਹਨ ਤੇ ਸੰਘਵਾਦ ਦੀ ਭਾਵਨਾ ਨੂੰ ਭੁਲਾ ਦਿੱਤਾ ਹੈ। ਸ੍ਰੀਮਤੀ ਗਾਂਧੀ ਨੇ ਅੱਜ 22 ਵਿਰੋਧੀ ਪਾਰਟੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕਰਕੇ ਦੇਸ਼ ਅੰਦਰ ਕਰੋਨਾਵਾਇਰਸ ਕਾਰਨ ਬਣੇ ਹਾਲਾਤ ’ਤੇ ਚਰਚਾ ਕੀਤੀ।
ਕਾਂਗਰਸ ਪ੍ਰਧਾਨ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਲੌਕਡਾਊਨ ਦੇ ਮਾਪਦੰਡਾਂ ਨੂੰ ਲੈ ਕੇ ਨਿਸ਼ਚਿਤ ਨਹੀਂ ਸੀ ਤੇ ਉਸ ਕੋਲ ਇਸ ਤੋਂ ਬਾਹਰ ਨਿਕਲਣ ਦੀ ਕੋਈ ਰਣਨੀਤੀ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਜ਼ਾਲਮਾਨਾ ਢੰਗ ਨਾਲ ਲੱਖਾਂ ਪਰਵਾਸੀ ਮਜ਼ਦੂਰਾਂ ਤੇ ਦੇਸ਼ ਦੇ 13 ਕਰੋੜ ਪਰਿਵਾਰਾਂ ਨੂੰ ਅਣਗੌਲਿਆਂ ਕਰ ਦਿੱਤਾ ਅਤੇ ਉਨ੍ਹਾਂ ਨੂੰ ਕੋਈ ਵੀ ਵਿੱਤੀ ਰਾਹਤ ਨਹੀਂ ਪਹੁੰਚਾਈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਵੱਲੋਂ 12 ਮਈ ਨੂੰ ਐਲਾਨਿਆ ਗਿਆ 20 ਲੱਖ ਕਰੋੜ ਰੁਪਏ ਦਾ ਪੈਕੇਜ ਅਤੇ ਵਿੱਤ ਮੰਤਰੀ ਵੱਲੋਂ ਅਗਲੇ ਪੰਜ ਦਿਨ ਤੱਕ ਇਸ ਦੀ ਕੀਤੀ ਗਈ ਵਿਆਖਿਆ ਦੇਸ਼ ਲਈ ਮਜ਼ਾਕ ਸਾਬਤ ਹੋਈ ਹੈ।’ ਉਨ੍ਹਾਂ ਕਿਹਾ ਕਿ ਇਸ ਦਾ ਕੋਈ ਸੰਕੇਤ ਨਹੀਂ ਹੈ ਕਿ ਸੰਸਦ ਦੇ ਦੋਵਾਂ ਸਦਨਾਂ ਜਾਂ ਸਥਾਈ ਕਮੇਟੀਆਂ ਦੀ ਮੀਟਿੰਗ ਕਦੋਂ ਸੱਦੀ ਜਾਵੇਗੀ।
ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਨੇ ਖੁਦ ਦੇ ਲੋਕਤੰਤਰਿਕ ਹੋਣ ਦਾ ਵਿਖਾਵਾ ਕਰਨਾ ਵੀ ਛੱਡ ਦਿੱਤਾ ਹੈ ਤੇ ਸਾਰੀਆਂ ਸ਼ਕਤੀਆਂ ਪੀਐੱਮਓ ਤੱਕ ਹੀ ਸੀਮਤ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਅਨਪੜ੍ਹਾਂ ਵਾਂਗ ਕੰਮ ਕਰ ਰਹੀ ਹੈ ਤੇ ਕਿਸੇ ਨਾਲ ਸੰਵਾਦ ਜਾਂ ਬਹਿਸ ਕਰਨ ਦੀ ਕੋਈ ਗੁੰਜਾਇਸ਼ ਨਹੀਂ ਹੈ। ਸ੍ਰੀਮਤੀ ਗਾਂਧੀ ਨੇ ਕਿਹਾ, ‘ਸਰਕਾਰ ਵੱਲੋਂ ਜਨਤਕ ਅਦਾਰਿਆਂ ਦੀ ਖੁੱਲ੍ਹੀ ਵਿਕਰੀ ਕੀਤੀ ਜਾ ਰਹੀ ਤੇ ਕਿਰਤ-ਕਾਨੂੰਨਾਂ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਉਹ ਇਨ੍ਹਾਂ ਦਾ ਵਿਰੋਧ ਕਰਦੇ ਹਨ।’ ਉਨ੍ਹਾਂ ਧਿਆਨ ਦਿਵਾਇਆ ਕਿ ਕਈ ਮਸ਼ਹੂਰ ਅਰਥਸ਼ਾਸਤਰੀਆਂ ਨੇ ਸਾਲ 2020-21 ਦੇ ਅੰਤ ਤੱਕ ਦੇਸ਼ ਦੀ ਵਿਕਾਸ ਦਰ ਮਨਫੀ 5 ਫੀਸਦ ਰਹਿਣ ਦਾ ਖਦਸ਼ਾ ਪ੍ਰਗਟਾਇਆ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਬਹੁਤ ਭਿਆਨਕ ਹਾਲਾਤ ਹੋਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਸਮੇਤ ਇੱਕੋ ਜਿਹੇ ਵਿਚਾਰਾਂ ਵਾਲੀਆਂ ਕਈ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਅਪੀਲਾਂ ਨੂੰ ਸਰਕਾਰ ਨੇ ਅਣਸੁਣਿਆ ਕਰ ਦਿੱਤਾ ਸੀ। ਉਨ੍ਹਾਂ ਕਿਹਾ, ‘ਮੌਜੂਦਾ ਸਰਕਾਰ ਕੋਲ ਕੋਈ ਹੱਲ ਨਾ ਹੋਣਾ ਚਿੰਤਾ ਦੀ ਗੱਲ ਹੈ ਪਰ ਉਸ ਕੋਲ ਗ਼ਰੀਬਾਂ ਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਸਰਕਾਰ ਦੇ ਦਿਲ ’ਚ ਤਰਸ ਨਾ ਹੋਣਾ ਹੋਰ ਵੀ ਦੁੱਖ ਦੀ ਗੱਲ ਹੈ।’
ਕਾਂਗਰਸ ਸਿਰਫ਼ ਆਲੋਚਨਾ ਵਿੱਚ ਰੁੱਝੀ: ਭਾਜਪਾ
ਨਵੀਂ ਦਿੱਲੀ: ਵਿਰੋਧੀ ਧਿਰਾਂ ਦੀ ਮੀਟਿੰਗ ’ਚ ਲੌਕਡਾਊਨ ਦੇ ਢੰਗਾਂ ਤੇ ਵਿੱਤੀ ਪੈਕੇਜ ਦੀ
ਸੋਨੀਆ ਗਾਂਧੀ ਵੱਲੋਂ ਕੀਤੀ ਗਈ ਆਲੋਚਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਜਪਾ ਦੇ ਕੌਮੀ
ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਕਿਹਾ, ‘ਕਰੋਨਾਵਾਇਰਸ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ,
ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਇੱਕ ਟੀਮ ਵਜੋਂ ਕੰਮ ਕਰ ਰਹੇ ਹਨ ਪਰ ਕਾਂਗਰਸ ਪਾਰਟੀ ਇਸ
ਮੁੱਦੇ ’ਤੇ ਮੀਟਿੰਗ ਕਰਕੇ ਅਜਿਹੀ ਭਾਸ਼ਾ ਵਰਤ ਰਹੀ ਹੈ ਜੋ ਮਾੜੀ ਗੱਲ ਹੈ।’ ਉਨ੍ਹਾਂ
ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਜਾਰੀ ਕੀਤੇ ਗਏ 20 ਲੱਖ ਕਰੋੜ ਰੁਪਏ ਦੇ ਪੈਕੇਜ ਦੀ
ਸਾਰੇ ਪਾਸਿਓਂ ਸ਼ਲਾਘਾ ਹੋ ਰਹੀ ਹੈ ਜਦਕਿ ਕਾਂਗਰਸ ਪ੍ਰਧਾਨ ਇਸ ਦੀ ਆਲੋਚਨਾ ਕਰਨ ’ਚ ਲੱਗੇ
ਹੋਏ ਹਨ।