ਮਿਲੇਗਾ ‘ਈ-ਪਾਸਪੋਰਟ’ ਦਾ ਤੋਹਫ਼ਾ, ਜਾਣੋ ਇਸ ਦੇੇ ਫ਼ਾਇਦੇ

ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਯਾਨੀ ਕਿ ਮੰਗਲਵਾਰ ਨੂੰ ਆਮ ਬਜਟ 2022 ਪੇਸ਼ ਕੀਤਾ। ਬਜਟ ਭਾਸ਼ਣ ਦੌਰਾਨ ਸੀਤਾਰਮਨ ਨੇ ਵਿਦੇਸ਼ ਦੀ ਯਾਤਰਾ ਕਰਨ ਵਾਲਿਆਂ ਲਈ ਅਹਿਮ ਐਲਾਨ ਕੀਤਾ। ਉਨ੍ਹਾਂ ਨੇ ਈ-ਪਾਸਪੋਰਟ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਈ-ਪਾਸਪੋਰਟ ਨਾਲ ਨਾਗਰਿਕਾਂ ਨੂੰ ਵਿਦੇਸ਼ ਦੀ ਯਾਤਰਾ ’ਚ ਸਹੂਲਤ ਮਿਲੇਗੀ। ਵਿੱਤ ਮੰਤਰੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਈ-ਪਾਸਪੋਰਟ ’ਚ ਚਿਪ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਇਹ ਅਤਿਆਧੁਨਿਕ ਤਕਨੀਕ ’ਤੇ ਕੰਮ ਕਰੇਗਾ।
ਸੀਤਰਾਮਨ ਨੇ ਕਿਹਾ ਕਿ ਇਹ ਤਕਨਾਲੋਜੀ ਸਾਲ 2022-23 ’ਚ ਜਾਰੀ ਹੋਵੇਗੀ। ਇਸ ਨਾਲ ਨਾਗਰਿਕਾਂ ਨੂੰ ਵਿਦੇਸ਼ ਯਾਤਰਾ ’ਚ ਆਸਾਨੀ ਹੋਵੇਗੀ। ਇਹ ਚਿਪ ਡਾਟਾ ਨਾਲ ਜੁੜੀ ਸੁਰੱਖਿਆ ਨੂੰ ਬਿਹਤਰ ਕਰਨ ਲਈ ਇਸਤੇਮਾਲ ਕੀਤਾ ਜਾਵੇਗਾ। ਈ-ਪਾਸਪੋਰਟ ਵਿਚ ਵਧੇਰੇ ਸੁਰੱਖਿਆ ਫੀਚਰ ਹੋਣਗੇ ਅਤੇ ਇਸ ਨਾਲ ਰੇਡੀਓ-ਫ੍ਰੀਕਵੈਂਸੀ ਪਹਿਚਾਣ ਅਤੇ ਬਾਇਓਮੈਟਿਰਕਸ ਦਾ ਇਸਤੇਮਾਲ ਕੀਤਾ ਜਾਵੇਗਾ।
ਕੀ ਹੈ ਈ-ਪਾਸਪੋਰਟ-
ਈ-ਪਾਸਪੋਰਟ ਆਮ ਤੌਰ ’ਤੇ ਤੁਹਾਡੇ ਰੈਗੂਲਰ ਪਾਸਪੋਰਟ ਦਾ ਡਿਜੀਟਲ ਰੂਪ ਹੋਵੇਗਾ। ਇਸ ਵਿਚ ਇਲੈਕਟ੍ਰਾਨਿਕ ਚਿਪ ਲੱਗੀ ਹੋਵੇਗੀ, ਜੋ ਡਾਟਾ ਸਕਿਓਰਿਟੀ ਵਿਚ ਮਦਦ ਕਰੇਗੀ। ਇਸ ਮਾਈਕ੍ਰੋਚਿਪ ਵਿਚ ਪਾਸਪੋਰਟ ਹੋਲਡਰ ਦਾ ਨਾਂ ਅਤੇ ਜਨਮ ਤਾਰੀਖ ਸਮੇਤ ਦੂਜੀਆਂ ਜਾਣਕਾਰੀਆਂ ਹੋਣਗੀਆਂ।
ਈ-ਪਾਸਪੋਰਟ ਦੇ ਫ਼ਾਇਦੇ-
ਖ਼ਾਸ ਗੱਲ ਇਹ ਹੈ ਕਿ ਇਸ ਪਾਸਪੋਰਟ ਦੇ ਜਾਰੀ ਹੋਣ ਤੋਂ ਬਾਅਦ ਨਾਗਰਿਕਾਂ ਨੂੰ ਇਮੀਗ੍ਰੇਸ਼ਨ ਲਈ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲੇਗਾ। ਇਸ ਵਿਚ ਲੱਗੀ ਚਿਪ ਦੀ ਮਦਦ ਨਾਲ ਪਾਸਪੋਰਟ ਨੂੰ ਆਸਾਨੀ ਨਾਲ ਇਮੀਗ੍ਰੇਸ਼ਨ ਕਾਊਂਟਰ ’ਤੇ ਸਕੈਨ ਕੀਤਾ ਜਾਵੇਗਾ।