UP ਦੀ ਸਿਆਸਤ ’ਚ ਔਰਤਾਂ ਹਾਸ਼ੀਏ ’ਤੇ, 3 ਪਾਰਟੀਆਂ ਨੇ 10 ਫ਼ਸਦੀ ਔਰਤਾਂ ਨੂੰ ਵੀ ਨਹੀਂ ਦਿੱਤੀ ਟਿਕਟ

ਨਵੀਂ ਦਿੱਲੀ– ਰਾਜਨੀਤੀ ’ਚ ਔਰਤਾਂ ਨੂੰ ਰਿਜ਼ਰਵੇਸ਼ਨ ਦੇਣ ਦੇ ਮਾਮਲੇ ’ਚ ਉੱਤਰਾਖੰਡ ਵੀ ਕਸੌਟੀ ’ਤੇ ਖਰ੍ਹਾ ਨਹੀਂ ਉੱਤਰਿਆ ਹੈ, ਜਿਸ ਕਾਰਨ ਲੰਬੇ ਸਮੇਂ ਤੋਂ ਸੂਬੇ ਦੀ ਸਿਆਸਤ ’ਚ ਔਰਤਾਂ ਹਾਸ਼ੀਏ ’ਤੇ ਹੀ ਚੱਲ ਰਹੀਆਂ ਹਨ। ਵਿਧਾਨ ਸਭਾ ਚੋਣ ’ਚ ਤਿੰਨਾਂ ਪ੍ਰਮੁੱਖ ਪਾਰਟੀਆਂ ਕਾਂਗਰਸ, ਭਾਜਪਾ ਤੇ ‘ਆਪ’ ਕੁੱਲ ਮਿਲਾ ਕੇ 10 ਫੀਸਦੀ ਔਰਤਾਂ ਨੂੰ ਵੀ ਟਿਕਟਾਂ ਨਹੀਂ ਦਿੱਤੀਆਂ ਹਨ। ਰਾਜਨੀਤਕ ਦਲਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ’ਚ ਜਿੱਤਣ ਵਾਲੇ ਉਮੀਦਵਾਰ ਦੀ ਜ਼ਰੂਰਤ ਹੁੰਦੀ ਹੈ ਤਾਂ ਰਾਜਨੀਤਕ ਆਬਜ਼ਰਵਰ ਇਹ ਗੱਲ ਮੰਨਦੇ ਹਨ ਕਿ ਪੈਸੇ ਤੇ ਤਾਕਤ ਦੀ ਪ੍ਰਧਾਨਗੀ ਵਾਲੀ ਇਸ ਰਾਜਨੀਤੀ ਦਾ ਸਵਰੂਪ ਅਜਿਹਾ ਹੈ ਕਿ ਜ਼ਿਆਦਾਤਰ ਔਰਤਾਂ ਆਪਣੇ-ਆਪ ਨੂੰ ਇਸ ’ਚ ਅਨਫਿੱਟ ਮੰਨਦੀਆਂ ਹਨ।

ਕਿਸ ਪਾਰਟੀ ਤੋਂ ਕਿੰਨੀਆਂ ਔਰਤਾਂ ਨੂੰ ਟਿਕਟ?
ਇਸ ਵਾਰ ਕਾਂਗਰਸ ਨੇ 5 ਔਰਤਾਂ ਨੂੰ ਟਿਕਟ ਦਿੱਤੀ ਹੈ ਤਾਂ ਭਾਜਪਾ ਨੇ 8 ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਤੀਜੀ ਸ਼ਕਤੀ ਦੇ ਰੂਪ ’ਚ ਚੋਣ ਮੈਦਾਨ ’ਚ ਮੌਜੂਦ ਆਮ ਆਦਮੀ ਪਾਰਟੀ ਨੇ 7 ਔਰਤਾਂ ਨੂੰ ਉਮੀਦਵਾਰ ਬਣਾਇਆ ਹੈ , ਜੇਕਰ ਇਨ੍ਹਾਂ ’ਚੋਂ ਇਕ ਤਿਹਾਈ ਯਾਨੀ 7 ਔਰਤਾਂ ਵੀ ਚੋਣ ਜਿੱਤ ਜਾਂਦੀਆਂ ਹਨ ਤਾਂ ਇਹ ਉੱਤਰਾਖੰਡ ਦੇ ਇਤਿਹਾਸ ’ਚ ਇਕ ਨਵਾਂ ਅਧਿਆਇ ਜੋੜੇਗਾ। ਸੂਬੇ ’ਚ ਪ੍ਰਤੀਨਿਧਤਾ ਦੇ ਉਲਟ ਔਰਤਾਂ ਦੀ ਵੋਟਾਂ ’ਚ ਹਿੱਸੇਦਾਰੀ ਮਰਦਾਂ ਤੋਂ ਬਿਹਤਰ ਨਜ਼ਰ ਆਉਂਦੀ ਹੈ।

ਪਤੀ, ਪਿਤਾ ਅਤੇ ਸਹੁਰੇ ਦੇ ਨਾਂ ’ਤੇ ਔਰਤਾਂ ਨੂੰ ਮਿਲੀ ਟਿਕਟ
ਕਾਂਗਰਸ ਤੇ ਭਾਜਪਾ ਨੇ ਜਿਨ੍ਹਾਂ ਔਰਤਾਂ ਨੂੰ ਟਿਕਟ ਦਿੱਤੀ ਹੈ, ਉਨ੍ਹਾਂ ’ਚੋਂ ਅੱਧੀਆਂ ਆਪਣੇ ਪਤੀ, ਪਿਤਾ ਤੇ ਸਹੁਰੇ ਦੀਆਂ ਰਾਜਨੀਤਕ ਵਾਰਿਸ ਬਣ ਕੇ ਮੈਦਾਨ ’ਚ ਹਨ। ਭਾਜਪਾ ਨੇ ਦੂਨ ਕੈਂਟ ’ਚ ਸਾਬਕਾ ਵਿਧਾਇਕ ਹਰਬੰਸ ਕਪੂਰ ਦੀ ਪਤਨੀ ਸਵਿਤਾ ਕਪੂਰ ਨੂੰ ਤਾਂ ਖਾਨਪੁਰ ਤੋਂ ਵਿਵਾਦਾਂ ’ਚ ਰਹਿਣ ਵਾਲੇ ਵਿਧਾਇਕ ਕੁੰਵਰ ਪ੍ਰਣਵ ਚੈਂਪੀਅਨ ਦੀ ਪਤਨੀ ਕੁੰਵਰਾਨੀ ਦੇਵਯਾਨੀ ਨੂੰ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਪਿਥੌਰਾਗੜ੍ਹ ਤੋਂ ਆਪਣੇ ਪਤੀ ਪ੍ਰਕਾਸ਼ ਪੰਤ ਦੀ ਮੌਤ ਤੋਂ ਬਾਅਦ ਉੱਪ ਚੋਣ ਜਿੱਤੀ ਚੰਦਰਾ ਪੰਤ ਨੂੰ ਟਿਕਟ ਦਿੱਤੀ ਤਾਂ ਕੋਟਦਵਾਰ ਤੋਂ ਸਾਬਕਾ ਮੁੱਖ ਮੰਤਰੀ ਬੀਸੀ ਖੰਡੂੜੀ ਦੀ ਬੇਟੀ ਰਿਤੂ ਖੰਡੂੜੀ ਨੂੰ ਟਿਕਟ ਦਿੱਤੀ ਹੈ। ਰਿਤੂ ਖੰਡੂੜੀ ਵਰਤਮਾਨ ’ਚ ਯਮਕੇਸ਼ਵਰ ਦੀ ਵਿਧਾਇਕ ਹੈ ਪਰ ਉੱਥੋਂ ਉਨ੍ਹਾਂ ਦਾ ਟਿਕਟ ਕੱਟ ਦਿੱਤਾ ਗਿਆ ਹੈ। ਇਸੇ ਤਰਜ਼ ’ਤੇ ਕਾਂਗਰਸ ਨੇ ਲੈਂਸਡਾਊਨ ਤੋਂ ਸਾਬਕਾ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਦੀ ਨੂੰਹ ਅਨੂਕ੍ਰਿਤੀ ਗੁੰਸਾਈ ਰਾਵਤ ਨੂੰ ਟਿਕਟ ਦਿੱਤੀ ਗਈ ਹੈ। ਹਰਕ ਸਿੰਘ ਰਾਵਤ ਅਨੂਕ੍ਰਿਤੀ ਨੂੰ ਭਾਜਪਾ ’ਚ ਟਿਕਟ ਦਿਵਾਉਣ ਲਈ ਅੜੇ ਹੋਏ ਸਨ ਤੇ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਸੀ। ਆਪਣੇ ਰਾਜਨੀਤਕ ਕਰੀਅਰ ਨੂੰ ਦਾਅ ’ਤੇ ਲਾ ਕੇ ਹਰਕ ਸਿੰਘ ਆਪਣੀ ਨੂੰਹ ਨੂੰ ਕਾਂਗਰਸ ਤੋਂ ਟਿਕਟ ਦੁਆਉਣ ’ਚ ਕਾਮਯਾਬ ਰਹੇ।

ਸਾਬਕਾ ਸੀ. ਐੱਮ. ਹਰੀਸ਼ ਰਾਵਤ ਦੀ ਧੀ ਵੀ ਮੈਦਾਨ ’ਚ
ਇਕ ਪਰਿਵਾਰ ਤੋਂ ਇਕ ਟਿਕਟ ਦੇ ਸਿਧਾਂਤ ਨੂੰ ਦੂਜੀ ਵਾਰ ਦਰਕਿਨਾਰ ਕਰਦਿਆਂ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਧੀ ਅਨੁਪਮਾ ਰਾਵਤ ਨੂੰ ਹਰਿਦੁਆਰ ਦਿਹਾਤੀ ਤੋਂ ਉਮੀਦਵਾਰ ਬਣਾਇਆ ਹੈ।

ਇਨ੍ਹਾਂ ਤੋਂ ਇਲਾਵਾ ਭਾਜਪਾ ਨੇ ਮੌਜੂਦਾ ਮੰਤਰੀ ਰੇਖਾ ਆਰੀਆ ਸੋਮੇਸ਼ਵਰ ਨੂੰ ਸੋਮੇਸ਼ਵਰ ਤੋਂ, ਮਹਿਲਾ ਕਾਂਗਰਸ ਦੀ ਪ੍ਰਧਾਨ ਰਹੀ ਸਰਿਤਾ ਆਰੀਆ ਨੂੰ ਦਲ ਬਦਲ ਕੇ ਪਾਰਟੀ ’ਚ ਆਉਣ ’ਤੇ ਨੈਨੀਤਾਲ ਤੋਂ, ਸ਼ੈਲਾਰਾਨੀ ਰਾਵਤ ਨੂੰ ਕੇਦਾਰਨਾਥ ਤੋਂ ਅਤੇ ਰੇਣੂ ਬਿਸ਼ਟ ਨੂੰ ਯਮਕੇਸ਼ਵਰ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਕਾਂਗਰਸ ਨੇ ਮੀਨਾ ਸ਼ਰਮਾ ਨੂੰ ਭਗਵਾਨਪੁਰ, ਗੋਦਾਵਰੀ ਥਾਪਲੀ ਨੂੰ ਮਸੂਰੀ ਤੇ ਮੀਨਾ ਸ਼ਰਮਾ ਨੂੰ ਰੁਦਰਪੁਰ ਤੋਂ ਉਮੀਦਵਾਰ ਬਣਾਇਆ ਹੈ।

ਹੁਣ ਤੱਕ 5 ਔਰਤਾਂ ਹੀ ਪੁੱਜੀਆਂ ਵਿਧਾਨ ਸਭਾ
ਉੱਤਰਾਖੰਡ ’ਚ ਔਰਤਾਂ ਨੂੰ ਪ੍ਰਤੀਨਿਧਤਾ ਦੇਣ ’ਚ ਸੂਬੇ ਦੀਆਂ 2 ਮੁੱਖ ਪਾਰਟੀਆਂ ਨੇ ਹਮੇਸ਼ਾ ਆਪਣਾ ਹੱਥ ਤੰਗ ਰੱਖਿਆ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਕਦੇ ਵੀ 5 ਤੋਂ ਜ਼ਿਆਦਾ ਔਰਤਾਂ ਚੋਣ ਜਿੱਤ ਕੇ ਵਿਧਾਨ ਸਭਾ ਨਹੀਂ ਪਹੁੰਚ ਸਕੀਆਂ। ਹਾਲਾਂਕਿ ਚੌਥੀ ਵਿਧਾਨ ਸਭਾ ਦੌਰਾਨ ਭਾਜਪਾ ਵਿਧਾਇਕ ਪ੍ਰਕਾਸ਼ ਪੰਤ ਤੇ ਮਗਨ ਲਾਲ ਸ਼ਾਹ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਪਤਨੀਆਂ ਕ੍ਰਮਵਾਰ ਚੰਦਰਾ ਪੰਤ ਪਿਥੌਰਾਗੜ੍ਹ ਤੋਂ ਤੇ ਮੁੰਨੀ ਦੇਵੀ ਥਰਾਲੀ ਤੋਂ ਉੱਪ ਚੋਣਾਂ ਜਿੱਤ ਕੇ ਵਿਧਾਇਕ ਬਣੀਆਂ ਸਨ।

Leave a Reply

Your email address will not be published. Required fields are marked *