ਪੰਨਾ ‘ਚ ਇਕ ਵਿਅਕਤੀ ਨੂੰ ਮਿਲਿਆ 4.57 ਕੈਰੇਟ ਦਾ ਬੇਸ਼ਕੀਮਤੀ ਹੀਰਾ

ਪੰਨਾ: ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ‘ਚ ਇਕ ਵਿਅਕਤੀ ਨੂੰ ਉਥਲੀ ਖਾਨ ਤੋਂ 4.57 ਕੈਰੇਟ ਦਾ ਹੀਰਾ ਮਿਲਿਆ ਹੈ, ਜਿਸ ਦੀ ਕੀਮਤ 10 ਲੱਖ ਰੁਪਏ ਹੈ। ਹੀਰਾ ਇੰਸਪੈਕਟਰ ਅਨੁਪਮ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਾਸੀ ਰਾਣਾ ਪ੍ਰਤਾਪ ਸਿੰਘ ਨੂੰ ਬੁੱਧਵਾਰ ਨੂੰ ਭਰਖਾ ਖੇਤਰ ‘ਚ 4.57 ਕੈਰੇਟ ਦਾ ਹੀਰਾ ਮਿਲਿਆ ਹੈ।
ਉਨ੍ਹਾਂ ਕਿਹਾ ਕਿ ਰਾਣਾ ਵਲੋਂ ਹੀਰਾ ਵਿਭਾਗ ਤੋਂ ਪੱਟਾ ਬਣਵਾ ਕੇ ਸਿਰਸਵਹਾ ਦੇ ਭਰਖਾ ਖੇਤਰ ‘ਚ ਖਾਨ ਲਗਾਈ ਗਈ ਸੀ ਅਤੇ ਉਸ ਨੂੰ ਉੱਥੋਂ ਇਹ ਹੀਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਉਸ ਨੇ ਇਸ ਹੀਰੇ ਨੂੰ ਇੱਥੇ ਹੀਰਾ ਦਫ਼ਤਰ ‘ਚ ਜਮ੍ਹਾ ਕਰ ਦਿੱਤਾ ਹੈ, ਜਿਸ ਦੀ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ। ਸਿੰਘ ਨੇ ਕਿਹਾ ਕਿ 24 ਫਰਵਰੀ ਤੋਂ ਇੱਥੇ ਹੋਣ ਵਾਲੀ ਹੀਰਾ ਨੀਲਾਮੀ ‘ਚ ਇਸ ਹੀਰੇ ਨੂੰ ਰੱਖਿਆ ਜਾਵੇਗਾ ਅਤੇ ਨੀਲਾਮੀ ‘ਚ ਹੀਰੇ ਦੇ ਵਿਕਣ ਤੋਂ ਬਾਅਦ 11.5 ਫੀਸਦੀ ਰਾਇਲਟੀ ਕੱਟ ਕੇ ਬਾਕੀ ਪੈਸੇ ਰਾਣਾ ਨੂੰ ਦੇ ਦਿੱਤੇ ਜਾਣਗੇ।