ਕ੍ਰਿਪਟੋਕਰੰਸੀ ਦੇ ਲੈਣ-ਦੇਣ ’ਤੇ ਟੈਕਸ ਲਾਉਣਾ ਉਸ ਨੂੰ ਮਾਨਤਾ ਦੇਣਾ ਨਹੀਂ : ਸੀਤਾਰਮਨ

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਪੱਸ਼ਟ ਕੀਤਾ ਹੈ ਕਿ ਨਵੇਂ ਬਜਟ ਵਿਚ ਕ੍ਰਿਪਟੋਕਰੰਸੀ ’ਤੇ ਟੈਕਸ ਲਾਉਣ ਦਾ ਪ੍ਰਸਤਾਵ ਦੇਸ਼ ਵਿਚ ਕ੍ਰਿਪਟੋਕਰੰਸੀ ਨੂੰ ਮਾਨਤਾ ਦੇਣਾ ਨਹੀਂ ਹੈ।

ਸ਼ੁੱਕਰਵਾਰ ਰਾਜ ਸਭਾ ਵਿਚ 2022-23 ਦੇ ਬਜਟ ’ਤੇ ਹੋਈ ਆਮ ਚਰਚਾ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਕ੍ਰਿਪਟੋਕਰੰਸੀ ਨੂੰ ਮਾਨਤਾ ਦੇਣ ਜਾਂ ਨਾ ਦੇਣ ਦਾ ਵਿਸ਼ਾ ਵੱਖਰਾ ਹੈ। ਇਸ ’ਤੇ ਵਿਸ਼ੇਸ਼ ਰਾਏ ਦੇ ਆਧਾਰ ’ਤੇ ਫੈਸਲਾ ਕੀਤਾ ਜਾਏਗਾ। ਲਾਭ ਤੋਂ ਪ੍ਰਾਪਤ ਆਮਦਨ ’ਤੇ ਟੈਕਸ ਲਾਉਣਾ ਸਾਡਾ ਅਧਿਕਾਰ ਹੈ। ਇਸ ਮਾਮਲੇ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਦੀ ਆਲੋਚਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੀ ਮੈਂਬਰ ਇਹ ਚਾਹੁੰਦੇ ਹਨ ਕਿ ਅਸੀਂ ਕ੍ਰਿਪਟੋ ਦੇ ਲੈਣ-ਦੇਣ ਤੋਂ ਹੋਣ ਵਾਲੇ ਲਾਭ ’ਤੇ ਕੋਈ ਟੈਕਸ ਨਾ ਲਾਈਏ?

ਹਾਊਸ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਵਿੱਤ ਮੰਤਰੀ ਦੇ ਭਾਸ਼ਣ ਦੌਰਾਨ ਖੜ੍ਹੇ ਹੋ ਕੇ ਕਿਹਾ ਕਿ ਵਿੱਤ ਮੰਤਰੀ ਬਜਟ ’ਤੇ ਸਿੱਧੀ ਗੱਲ ਕਰਨ। ਰਿਜ਼ਰਵ ਬੈਂਕ ਦੇ ਮੁਖੀ ਨੇ ਕਿਹਾ ਹੈ ਕਿ ਲੋਕ ਕ੍ਰਿਪਟੋਕਰੰਸੀ ਵਿਚ ਰਿਸਕ ਵੇਖ ਕੇ ਪੈਸਾ ਲਾ ਸਕਦੇ ਹਨ। ਸੀਤਾਰਮਨ ਨੇ ਕਿਹਾ ਕਿ ਅਜੇ ਭਾਰਤ ਵਿਚ ਕ੍ਰਿਪਟੋਕਰੰਸੀ ਦੇ ਕਾਰੋਬਾਰ ’ਤੇ ਨਾ ਤਾਂ ਪਾਬੰਦੀ ਲਾਈ ਗਈ ਹੈ ਅਤੇ ਨਾ ਹੀ ਉਸ ਦੀ ਆਗਿਆ ਦਿੱਤੀ ਗਈ ਹੈ। ਵਿੱਤ ਮੰਤਰੀ ਨੇ ਚਾਲੂ ਵਿੱਤੀ ਸਾਲ ਵਿਚ ਆਰਥਿਕ ਵਿਕਾਸ ਦਰ 9.2 ਫੀਸਦੀ ਰਹਿਣ ਦੇ ਅਨੁਮਾਨ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜਕਾਲ ਵਿਚ ਮਹਿੰਗਾਈ ਨੂੰ ਨਿਸ਼ਾਨੇ ਵਾਲੇ ਘੇਰੇ ਵਿਚ ਰੱਖਣ ਦੀ ਪੂਰੀ ਕੋਸ਼ਿਸ਼ ਕਰਦੇ ਹੋਏ ਕੋਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਅਰਥਵਿਵਸਥਾ ਨੂੰ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਿਚ ਸਮਰੱਥ ਬਣਾਇਆ ਗਿਆ ਹੈ।

ਸੀਤਾਰਮਨ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਪ੍ਰਭਾਵਿਤ ਹੋਈ ਅਰਥਵਿਵਸਥਾ ਨੂੰ ਨਵੀਂ ਰਫਤਾਰ ਦੇਣ ਅਤੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਕੌਮਾਂਤਰੀ ਪੱਧਰ ’ਤੇ ਉਤਸ਼ਾਹਜਨਕ ਪੈਕੇਜ ਦਿੱਤੇ ਗਏ। ਭਾਰਤ ਵਿਚ ਵੀ ਇੰਝ ਕੀਤਾ ਗਿਆ ਪਰ ਅੱਜ ਅਮਰੀਕਾ ਵਿਚ ਮਹਿੰਗਾਈ 40 ਸਾਲ ਦੇ ਸਭ ਤੋਂ ਉੱਚੇ ਪੱਧਰ ’ਤੇ ਹੈ। ਸਾਲ 1992 ਪਿੱਛੋਂ ਜਰਮਨ ਵਿਚ ਮਹਿੰਗਾਈ ਨੇ ਸਭ ਰਿਕਾਰਡ ਤੋੜ ਦਿੱਤੇ ਹਨ। ਯੂਰੋ ਜ਼ੋਨ ਵਿਚ ਵੀ ਪਿਛਲੇ 25 ਸਾਲ ਦੌਰਾਨ ਪਹਿਲੀ ਵਾਰ ਮਹਿੰਗਾਈ ਨਜ਼ਰ ਆ ਰਹੀ ਹੈ। ਬਰਤਾਨੀਆ ਵਿਚ ਵੀ 30 ਸਾਲ ਬਾਅਦ ਪਹਿਲੀ ਵਾਰ ਮਹਿੰਗਾਈ ਨਵੇਂ ਸਿਖਰ ’ਤੇ ਪਹੁੰਚੀ ਹੋਈ ਹੈ।

Leave a Reply

Your email address will not be published. Required fields are marked *