ਮੋਦੀ ਦੇ ਪੱਖ ’ਚ ਨਿੱਤਰੇ ਸਾਬਕਾ ਜੱਜ ਅਤੇ ਅਧਿਕਾਰੀ

ਨਵੀਂ ਦਿੱਲੀ:ਸਾਬਕਾ ਨੌਕਰਸ਼ਾਹਾਂ ਦੇ ਇਕ ਧੜੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਨਫ਼ਰਤ ਦੀ ਸਿਆਸਤ’ ਬਾਰੇ ਚਿੱਠੀ ਲਿਖਣ ਦੇ ਕੁਝ ਦਿਨਾਂ ਮਗਰੋਂ ਸਾਬਕਾ ਜੱਜਾਂ ਅਤੇ ਅਫ਼ਸਰਾਂ ਦੇ ਇਕ ਹੋਰ ਧੜੇ ਨੇ ਹੁਣ ਆਪਣੇ ਹੀ ਸਾਥੀਆਂ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੀ ਚਿੱਠੀ ਸਿਆਸਤ ਤੋਂ ਪ੍ਰੇਰਿਤ ਅਤੇ ਮੋਦੀ ਸਰਕਾਰ ਵਿਰੋਧੀ ਕਾਰਵਾਈ ਸੀ ਜੋ ਉਹ ਸਮੇਂ ਸਮੇਂ ’ਤੇ ਹਾਕਮ ਧਿਰ ਖ਼ਿਲਾਫ਼ ਲੋਕ ਰਾਏ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਆਪ ਨੂੰ ‘ਫਿਕਰਮੰਦ ਨਾਗਰਿਕਾਂ’ (ਕਨਸਰਨਡ ਸਿਟੀਜ਼ਨਜ਼) ਦਾ ਗਰੁੱਪ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਹੈ ਕਿ ਕੰਸਟੀਚਿਊਸ਼ਨਲ ਕੰਡਕਟ ਗਰੁੱਪ (ਸੀਸੀਜੀ) ਵੱਲੋਂ ਮੋਦੀ ਨੂੰ ਲਿਖੇ ਖੁੱਲ੍ਹੇ ਪੱਤਰ ਨੂੰ ਉਹ ਨਹੀਂ ਮੰਨਦੇ ਹਨ ਕਿਉਂਕਿ ਉਸ ਦਾ ਕੋਈ ‘ਗੰਭੀਰ ਮਨੋਰਥ’ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਚਿੱਠੀ ਲੋਕ ਰਾਏ ਖ਼ਿਲਾਫ਼ ਆਪਣੀ ਭੜਾਸ ਕੱਢਣ ਦੀ ਕੋਸ਼ਿਸ਼ ਸੀ ਕਿਉਂਕਿ ਲੋਕ ਮੋਦੀ ਨਾਲ ਖੜ੍ਹੇ ਹਨ। ਉਨ੍ਹਾਂ ਹੁਣੇ ਜਿਹੇ ਹੋਈਆਂ ਚੋਣਾਂ ’ਚ ਭਾਜਪਾ ਦੀ ਜਿੱਤ ਦਾ ਹਵਾਲਾ ਵੀ ਦਿੱਤਾ। ਮੋਦੀ ਦੀ ਹਮਾਇਤ ’ਚ ਲਿਖੀ ਖੁੱਲ੍ਹੀ ਚਿੱਠੀ ’ਚ 8 ਸਾਬਕਾ ਜੱਜਾਂ, 97 ਸਾਬਕਾ ਨੌਕਰਸ਼ਾਹਾਂ ਅਤੇ 92 ਸਾਬਕਾ ਫ਼ੌਜੀ ਅਧਿਕਾਰੀਆਂ ਦੇ ਦਸਤਖ਼ਤ ਹਨ।

Leave a Reply

Your email address will not be published. Required fields are marked *