ਲੱਗਦੈ ਦਿਲ ਦੀ ਧੜਕਣ ਰੁਕ ਰਹੀ ਹੈ, ਅਲਵਿਦਾ ਪਿਤਾ ਜੀ…

ਹੈਦਰਾਬਾਦ : ਕੋਵਿਡ-19 ਦੇ ਇਕ 34 ਸਾਲਾ ਮਰੀਜ਼ ਦੀ ਹੈਦਰਾਬਾਦ ਦੇ ਸਰਕਾਰੀ ਹਸਪਤਾਲ ‘ਚ ਮੌਤ ਤੋਂ ਪਹਿਲਾਂ ਦੀ ਦਿਲ ਦਹਿਲਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਇਸ ਵੀਡੀਓ ‘ਚ ਹਸਪਤਾਲ ‘ਚ ਦਾਖ਼ਲ ਨੌਜਵਾਨ ਨੇ ਆਪਣੇ ਪਿਤਾ ਨੂੰ ਦੱਸਿਆ, ‘ਮੈਂ ਉਨ੍ਹਾਂ ਨੇ ਦੱਸਿਆ ਕਿ ਮੈਨੂੰ ਸਾਹ ‘ਚ ਤਕਲੀਫ ਹੋ ਰਹੀ ਹੈ, ਫਿਰ ਵੀ ਉਨ੍ਹਾਂ ਨੇ ਮੇਰਾ ਵੈਂਟੀਲੇਟਰ ਹਟਾ ਦਿੱਤਾ ਹੈ। ਮੈਂ ਪਰੇਸ਼ਾਨ ਹੋ ਗਿਆ ਹਾਂ। ਪਿਤਾ ਜੀ ਤਿੰਨ ਘੰਟੇ ਹੋ ਗਏ ਹਨ। ਅਜਿਹਾ ਲੱਗ ਰਿਹਾ ਹੈ ਮੇਰੇ ਦਿਲ ਦੀਆਂ ਧੜਕਣਾਂ ਰੁਕ ਗਈਆਂ ਹਨ। ਅਲਵਿਦਾ ਪਿਤਾ ਜੀ, ਸਭ ਨੂੰ ਅਲਵਿਦਾ’।

ਮਰੀਜ਼ ਦੇ ਮਾਪਿਆਂ ਅਨੁਸਾਰ ਸਰਕਾਰੀ ਹਸਪਤਾਲਾਂ ‘ਚ ਅਪਰਾਧਿਕ ਲਾਪਰਵਾਹੀ ਦੀ ਪੋਲ ਖੋਲ੍ਹਣ ਵਾਲੀ ਵੀਡੀਓ ਨੂੰ ਨੌਜਵਾਨ ਮਰੀਜ਼ ਪੀ. ਰਵੀ ਕੁਮਾਰ ਨੇ 26 ਜੂਨ ਨੂੰ ਰਿਕਾਰਡ ਕਰ ਕੇ ਆਪਣੇ ਪਿਤਾ ਨੂੰ ਆਖ਼ਰੀ ਪ੍ਰਣਾਮ ਕਰਦਿਆਂ ਭਾਵੁਕ ਸੁਨੇਹਾ ਭੇਜਿਆ। ਉਸ ਦੀ ਕੁਝ ਦੇਰ ਬਾਅਦ ਸਰਕਾਰੀ ਚੈਸਟ ਹਸਪਤਾਲ ‘ਚ ਮੌਤ ਹੋ ਗਈ। ਇਸ ਹਸਪਤਾਲ ‘ਚ ਉਸ ਨੂੰ 24 ਜੂਨ ਨੂੰ ਦਾਖ਼ਲ ਕਰਵਾਇਆ ਗਿਆ ਸੀ। ਰਵੀ ਦੇ ਪਿਤਾ ਪੀ. ਵੈਂਕਟੇਸ਼ਵਰਲੁ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਹਸਪਤਾਲ ‘ਚ ਕੀ ਹੋਇਆ ਹੈ।

ਉਨ੍ਹਾਂ ਕਿਹਾ, ‘ਕਿਸੇ ਹੋਰ ਪਰਿਵਾਰ ਨੂੰ ਅਜਿਹੇ ਦਰਦ ‘ਚੋਂ ਨਾ ਗੁਜ਼ਰਨਾ ਪਵੇ।’ ਇਸ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਉਣ ਤੋਂ ਪਹਿਲਾਂ ਰਵੀ ਨੂੰ ਲੈ ਕੇ ਉਸ ਦੇ ਮਾਪਿਆਂ ਨੇ 11 ਹਸਪਤਾਲ ਦੇ ਚੱਕਰ ਕੱਟੇ ਪਰ ਕਿਸੇ ਨੇ ਵੀ ਉਸ ਨੂੰ ਦਾਖ਼ਲ ਨਹੀਂ ਕੀਤਾ। ਮਿ੍ਤਕ ਦੇ ਪਰਿਵਾਰ ‘ਚ ਉਸ ਦੇ ਪਿਤਾ ਤੋਂ ਇਲਾਵਾ ਉਸ ਦੀ ਪਤਨੀ, 12 ਸਾਲ ਦੀ ਧੀ ਤੇ 10 ਸਾਲ ਦਾ ਪੁੱਤਰ ਵੀ ਹੈ। ਸਾਊਦੀ ਅਰਬ ‘ਚ 10 ਸਾਲ ਨੌਕਰੀ ਕਰਨ ਤੋਂ ਬਾਅਦ ਦੋ ਸਾਲ ਪਹਿਲਾਂ ਹੀ ਰਵੀ ਭਾਰਤ ਪਰਤਿਆ ਸੀ ਤੇ ਮਾਪਿਆਂ ਨਾਲ ਰਹਿ ਰਿਹਾ ਸੀ।

ਹਸਪਤਾਲ ਪ੍ਰਸ਼ਾਸਨ ਨੇ ਲਾਪਰਵਾਹੀ ਵਰਤਣ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦੀ ਮੌਤ ਦਿਲ ਦੀ ਬਿਮਾਰੀ ਨਾਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮਰੀਜ਼ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਸਨ ਤੇ ਉਸ ਨੂੰ ਬਦਲ ਵਜੋਂ ਆਕਸੀਜਨ ਦਿੱਤੀ ਗਈ ਸੀ ਪਰ ਉਸ ਨੂੰ ਦਿਲ ਸਬੰਧੀ ਤਕਲੀਫ਼ ਹੋ ਗਈ।

ਹਸਪਾਤਲ ਦੇ ਸੁਪਰਡੈਂਟ ਡਾ. ਮਹਿਬੂਬ ਖ਼ਾਨ ਨੇ ਕਿਹਾ ਕਿ ਮਰੀਜ਼ ਨੂੰ ਵੈਂਟੀਲੇਟਰ ‘ਤੇ ਨਹੀਂ ਰੱਖਿਆ ਗਿਆ ਸੀ। ਉਹ ਮਾਇਓਕਾਰਡਿਕ ਬਿਮਾਰੀ ਤੋਂ ਪੀੜਤ ਸਨ। ਕੋਰੋਨਾ ਦੇ ਕੁਝ ਨੌਜਵਾਨ ਮਰੀਜ਼ਾਂ ‘ਚ ਦਿਲ ਦੀ ਬਿਮਾਰੀ ਦੇ ਲੱਛਣ ਦੇਖੇ ਗਏ ਹਨ। ਅਜਿਹੇ ਮਰੀਜ਼ ਦਿਲ ਤਕ ਢੁੱਕਵੀਂ ਆਕਸੀਜਨ ਨਾ ਪੁੱਜਣ ਕਾਰਨ ਮਰ ਜਾਂਦੇ ਹਨ।

Leave a Reply

Your email address will not be published. Required fields are marked *