ਚੀਨੀ ਕੰਪਨੀਆਂ ਨੂੰ ਨਹੀਂ ਮਿਲਣਗੇ ਹਾਈਵੇਅ ਪ੍ਰਾਜਕੈਟਾਂ ਦੇ ਠੇਕੇ: ਗਡਕਰੀ

ਨਵੀਂ ਦਿੱਲੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਸਰਕਾਰ ਚੀਨੀ ਕੰਪਨੀਆਂ ਨੂੰ ਰਾਜਮਾਰਗ ਪ੍ਰਾਜੈਕਟਾਂ ਦਾ ਹਿੱਸਾ ਬਣਨ ਦੀ ਮਨਜ਼ੂਰੀ ਨਹੀਂ ਦੇਵੇਗੀ। ਇਸ ’ਚ ਚੀਨ ਦੀਆਂ ਕੰਪਨੀਆਂ ਨਾਲ ਭਾਈਵਾਲੀ ਕਰਨ ਵਾਲੀਆਂ ਕੰਪਨੀਆਂ ਵੀ ਸ਼ਾਮਲ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਗਲਵਾਨ ਘਾਟੀ ’ਚ ਭਾਰਤ ਅਤੇ ਚੀਨ ਵਿਚਕਾਰ ਹੋਈ ਹਿੰਸਕ ਝੜਪ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸਰਹੱਦ ’ਤੇ ਤਲਖੀ ਦਰਮਿਆਨ ਸਰਕਾਰ ਨੇ ਸੋਮਵਾਰ ਨੂੰ 59 ਚੀਨੀ ਮੋਬਾਈਲ ਐਪਜ਼ ’ਤੇ ਵੀ ਪਾਬੰਦੀ ਲਗਾਈ ਹੈ। ਸ੍ਰੀ ਗਡਕਰੀ ਨੇ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਵੇਗੀ ਕਿ ਚੀਨੀ ਨਿਵੇਸ਼ਕ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ (ਐੱਮਐੱਸਐੱਮਈ) ਜਿਹੇ ਵੱਖ ਵੱਖ ਖੇਤਰਾਂ ’ਚ ਨਿਵੇਸ਼ ਨਾ ਕਰ ਸਕਣ। ਉਨ੍ਹਾਂ ਖ਼ਬਰ ਏਜੰਸੀ ਨਾਲ ਇੰਟਰਵਿਊ ’ਚ ਕਿਹਾ ਕਿ ਚੀਨੀ ਕੰਪਨੀਆਂ ’ਤੇ ਪਾਬੰਦੀ ਲਗਾਉਣ ਸਬੰਧੀ ਨੀਤੀ ਛੇਤੀ ਪੇਸ਼ ਕਰ ਦਿੱਤੀ ਜਾਵੇਗੀ ਅਤੇ ਹਾਈਵੇਅ ਪ੍ਰਾਜੈਕਟਾਂ ’ਚ ਭਾਰਤੀ ਕੰਪਨੀਆਂ ਨੂੰ ਤਰਜੀਹ ਦੇਣ ਦੇ ਨੇਮ ਆਸਾਨ ਕੀਤੇ ਜਾਣਗੇ।

ਬੀਐੱਸਐੱਨਐੱਲ ਨੇ 4ਜੀ ਦੇ ਟੈਂਡਰ ਰੱਦ ਕੀਤੇ

ਨਵੀਂ ਦਿੱਲੀ: ਟੈਲੀਕਾਮ ਵਿਭਾਗ ਵੱਲੋਂ ਸਰਕਾਰੀ ਕੰਪਨੀਆਂ ਨੂੰ ਚੀਨ ਦੇ ਟੈਲੀਕਾਮ ਯੰਤਰਾਂ ਦੀ ਵਰਤੋਂ ਨਾ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਮਗਰੋਂ ਭਾਰਤ ਸੰਚਾਰ ਨਿਗਮ ਲਿਮਟਿਡ (ਬੀਐੱਸਐੱਨਐੱਲ) ਨੇ 4ਜੀ ਅਪਗ੍ਰੇਡ ਲਈ ਜਾਰੀ ਟੈਂਡਰ ਰੱਦ ਕਰ ਦਿੱਤੇ ਹਨ। ਸੂਤਰਾਂ ਮੁਤਾਬਕ ਹੁਣ ਨਵੇਂ ਟੈਂਡਰ ਕੱਢੇ ਜਾਣਗੇ ਅਤੇ ਮੇਕ ਇਨ ਇੰਡੀਆ ਨੂੰ ਤਰਜੀਹ ਦਿੱਤੀ ਜਾਵੇਗੀ।

ਖੁਰਾਕ ਮੰਤਰਾਲੇ ’ਚ ਚੀਨੀ ਵਸਤਾਂ ਲਈ ਦਰਵਾਜ਼ੇ ਬੰਦ ਹੋਏ: ਪਾਸਵਾਨ

ਨਵੀਂ ਦਿੱਲੀ: ਖੁਰਾਕ ਅਤੇ ਜਨਤਕ ਵੰਡ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੰਤਰਾਲੇ ਨੇ ਚੀਨੀ ਵਸਤਾਂ ਲਈ ਦਰਵਾਜ਼ੇ ਬੰਦ ਕਰ ਦਿੱਤੇ ਹਨ। ਸ੍ਰੀ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਦੇ ਮਹਿਕਮੇ ’ਚ ਕੋਈ ਵੀ ਚੀਨੀ ਵਸਤੂ ਨਹੀਂ ਆਵੇਗੀ ਅਤੇ ਇਸ ਬਾਰੇ ਸਰਕੁਲਰ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਖ਼ਬਰ ਏਜੰਸੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਵਿਦੇਸ਼ੀ ਵਸਤਾਂ ਦੇ ਬੀਆਈਐੱਸ ਵੱਲੋਂ ਤੈਅਸ਼ੁਦਾ ਮਾਪਦੰਡਾਂ ਦੇ ਆਧਾਰ ’ਤੇ ਟੈਸਟ ਕੀਤੇ ਜਾਣਗੇ।

Leave a Reply

Your email address will not be published. Required fields are marked *