ਸਿੱਧੂ ਮੂਸੇਵਾਲਾ ਦੇ SYL ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਲੀਕ ਹੋਣ ਦੇ ਮਾਮਲੇ ‘ਚ ਕੇਸ ਦਰਜ
ਮਾਨਸਾ: ਸਿੱਧੂ ਮੂਸੇਵਾਲਾ ਦਾ ਗੀਤ ‘ਐਸਵਾਈਐਲ’ ਰਿਲੀਜ਼ ਕੀਤੇ ਜਾਣ ਦੇ ਪਹਿਲਾਂ ਲੀਕ ਹੋ ਗਿਆ ਸੀ। ਇਸ ਦੇ ਲੀਕ ਹੋਣ ਦੇ ਮਾਮਲੇ ’ਚ ਥਾਣਾ ਸਦਰ ਮਾਨਸਾ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਸਦਰ ਮਾਨਸਾ ਦੀ ਐਸਐਚਓ ਬੇਅੰਤ ਕੌਰ ਨੇ ਦੱਸਿਆ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਾਸੀ ਮੂਸਾ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਪੁੱਤਰ ਸਵ. ਸਿੱਧੂ ਮੂਸੇਵਾਲਾ ਕਲਾਕਾਰ ਸੀ। ਉਸ ਦੇ ਬੇਟੇ ਦਾ ਗੀਤ ‘ਐਸਵਾਈਐਲ’ ਜੋ ਉਨ੍ਹਾਂ ਨੇ 23 ਜੂਨ 2022 ਨੂੰ ਸ਼ਾਮ 6 ਵਜੇ ਰਿਲੀਜ਼ ਕਰਨਾ ਸੀ। ਉਸ ਨੂੰ ਕਿਸੇ ਨਾਮਾਲੂਮ ਵਿਅਕਤੀ ਨੇ 20 ਜੂਨ 2022 ਨੂੰ ਲੀਕ ਕਰ ਦਿੱਤਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ’ਚ ਨਾਮਾਲੂਮ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਇੱਥੇ ਜ਼ਿਕਰਯੋਗ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਜਿਸ ਨੂੰ 29 ਮਈ ਨੂੰ ਅੰਨ੍ਹੇਵਾਹ ਗੋਲੀਆਂ ਵਰ੍ਹਾ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦਾ ਗੀਤ ‘ਐਸਵਾਈਐਲ’ ਜੋ 23 ਜੂਨ 2022 ਨੂੰ ਪਰਿਵਾਰ ਵੱਲੋਂ ਅਧਿਕਾਰਤ ਤੌਰ ’ਤੇ ਰਿਲੀਜ਼ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਰਿਲੀਜ਼ ਹੋਣ ਬਾਅਦ ਕੁੱਝ ਹੀ ਮਿੰਟਾਂ ’ਚ ਲੱਖਾਂ ਲੋਕਾਂ ਦੁਆਰਾ ਦੇਖਿਆ ਸੀ। ਉਹ ਉਸ ਦਿਨ ਤੋਂ ਪੂਰ੍ਹੀ ਚਰਚਾ ਵਿਚ ਹੈ। ਪਰ ਉਸ ਦੇ 20 ਜੂਨ 2022 ਨੂੰ ਹੀ ਲੀਕ ਹੋਣ ਦੇ ਮਾਮਲੇ ’ਚ ਇਹ ਕੇਸ ਦਰਜ ਕਰਵਾਇਆ ਗਿਆ ਹੈ।