RBI ਨੇ ਦਿੱਤੀ 3 ਮਹੀਨੇ ਦੀ ਛੋਟ, ਹੁਣ 1 ਅਕਤੂਬਰ ਹੋਈ ਕ੍ਰੈਡਿਟ ਤੇ ਡੈਬਿਟ ਕਾਰਡ ਟੋਕਨ ਸਰਵਿਸ ਡੈੱਡਲਾਈਨ
ਨਵੀਂ ਦਿੱਲੀ : ਬੈਂਕਾਂ ਤੇ ਵਿੱਤੀ ਅਦਾਰਿਆਂ ਵੱਲੋਂ ਕੀਤੀ ਗਈ ਬੇਨਤੀ ਨੂੰ ਧਿਆਨ ’ਚ ਰੱਖਦਿਆਂ RBI ਨੇ ਆਨਲਾਈਨ ਵਿੱਤੀ ਲੈਣ-ਦੇਣ ਲਈ ਲਾਗੂ ਟੋਕਨਾਈਜ਼ੇਸ਼ਨ (Tokenization) ਦੇ ਨਿਯਮ ਨੂੰ ਹੁਣ ਪਹਿਲੀ ਅਕਤੂਬਰ ਤੋਂ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਦੂਜਾ ਮੌਕਾ ਹੈ ਜਦੋਂ ਆਨਲਾਈਨ ਰਿਟੇਲਰਜ਼ ਜਾਂ ਦੂਜੀਆਂ ਆਨਲਾਈਨ ਲੈਣ-ਦੇਣ ਕਰਨ ਵਾਲੀਆਂ ਏਜੰਸੀਆਂ ਲਈ ਇਸ ਨਿਯਮ ਨੂੰ ਵਧਾਇਆ ਗਿਆ ਹੈ। ਪਹਿਲਾਂ ਇਸ ਨੂੰ ਪਹਿਲੀ ਜਨਵਰੀ, 2022 ਤੋਂ ਲਾਗੂ ਕੀਤਾ ਜਾਣਾ ਸੀ ਪਰ ਬਾਅਦ ’ਚ ਮਿਆਦ ਵਧਾ ਕੇ 30 ਜੂਨ, 2022 ਕਰ ਦਿੱਤੀ ਗਈ ਸੀ। ਹੁਣ ਤਿੰਨ ਮਹੀਨਿਆਂ ਦਾ ਸਮਾਂ ਹੋਰ ਦੇ ਦਿੱਤਾ ਗਿਆ ਹੈ।
ਸ਼ੁੱਕਰਵਾਰ ਨੂੰ ਆਰਬੀਆਈ ਨੇ ਟੋਕਨਾਈਜ਼ੇਸ਼ਨ ਪ੍ਰਕਿਰਿਆ ਦੇ ਲਾਗੂ ਹੋਣ ਦੀ ਮਿਆਦ ਵਧਾਉਂਦੇ ਹੋਏ ਕਾਰਡ ਜਾਰੀ ਕਰਨ ਵਾਲੀਆਂ ਏਜੰਸੀਆਂ ਤੇ ਕਾਰੋਬਾਰ ਨੂੰ ਕਿਹਾ ਹੈ ਕਿ ਅਗਲੇ ਤਿੰਨ ਮਹੀਨਿਆਂ ’ਚ ਉਨ੍ਹਾਂ ਨੂੰ ਆਪਣੀ ਵਿਵਸਥਾ ਪੂਰੀ ਕਰਨੀ ਪਵੇਗੀ। ਇਨ੍ਹਾਂ ਏਜੰਸੀਆਂ ਨੂੰ ਚਾਰ ਕੰਮ ਕਰਨ ਲਈ ਕਿਹਾ ਗਿਆ ਹੈ। ਪਹਿਲਾ, ਹਰੇਕ ਕਾਰਡਧਾਰਕ ਗਾਹਕ ਨੂੰ ਟੋਕਨ ਜਾਰੀ ਕਰਨ ਦੀ ਵਿਵਸਥਾ ਕਰੋ। ਦੂਜਾ, ਟੋਕਨ ਜ਼ਰੀਏ ਲੈਣ-ਦੇਣ ਦੀ ਪ੍ਰਕਿਰਿਆ ਸ਼ੁਰੂ ਕਰੋ। ਤੀਜਾ, ਗੈਸਟ ਦੇ ਤੌਰ ’ਤੇ ਲੈਣ-ਦੇਣ ਕਰਨ ਵਾਲੇ ਗਾਹਕਾਂ ਲਈ ਵੱਖਰੀ ਵਿਵਸਥਾ ਕਰਨੀ ਪਵੇਗੀ। ਚੌਥਾ, ਟੋਕਨਾਈਜ਼ੇਸ਼ਨ ਬਾਰੇ ਵੱਡੇ ਪੱਧਰ ’ਤੇ ਜਾਗਰੂਕਤਾ ਫੈਲਾਉਣੀ ਪਵੇਗੀ।
ਇਹ ਹੈ ਟੋਕਨਾਈਜ਼ੇਸ਼ਨ
ਹਾਲੇ ਜਦੋਂ ਅਸੀਂ ਲੈਣ-ਦੇਣ ਕਰਦੇ ਹਾਂ ਤਾਂ ਹਰ ਵਾਰ ਸਾਨੂੰ ਆਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਦੀ ਸਾਰੀ ਜਾਣਕਾਰੀ ਸਾਂਝੀ ਕਰਨੀ ਹੁੰਦੀ ਹੈ। ਇਸ ’ਚ ਕਾਰਡ ਨੰਬਰ, ਉਸ ਦੇ ਖ਼ਤਮ ਹੋਣ ਦੀ ਤਰੀਕ, ਸੀਵੀਵੀ ਨੰਬਰ ਤੇ ਕਾਰਡ ’ਤੇ ਲਿਖੇ ਹੋਏ ਨਾਂ ਦੀ ਜਾਣਕਾਰੀ ਦੇਣੀ ਹੁੰਦੀ ਹੈ। ਟੋਕਨਾਈਜ਼ੇਸ਼ਨ ਵਿਵਸਥਾ ਤਹਿਤ ਗਾਹਕਾਂ ਨੂੰ ਵਾਰ-ਵਾਰ ਕਾਰਡ ਦੀ ਸਾਰੀ ਜਾਣਕਾਰੀ ਨਹੀਂ ਦੇਣੀ ਪਵੇਗੀ ਸਗੋਂ ਆਨਲਾਈਨ ਰਿਟੇਲਰ ਤੋਂ ਇਕ ਟੋਕਨ ਲੈਣਾ ਪਵੇਗਾ। ਟੋਕਨ ਲੈਣ ਦਾ ਫ਼ਾਇਦਾ ਇਹ ਹੋਵੇਗਾ ਕਿ ਬਾਅਦ ’ਚ ਗਾਹਕਾਂ ਨੂੰ ਕਾਰਡ ਦੀ ਕੋਈ ਜਾਣਕਾਰੀ ਦੇਣ ਦੀ ਲੋਡ਼ ਨਹੀਂ ਪਵੇਗੀ। ਗਾਹਕ ਸਿਰਫ ਉਕਤ ਟੋਕਨ ਨੰਬਰ ਦੀ ਵਰਤੋਂ ਕਰ ਕੇ ਹੀ ਲੈਣ-ਦੇਣ ਕਰ ਸਕਣਗੇ। ਨਵੀਂ ਵਿਵਸਥਾ ਤਹਿਤ ਗਾਹਕਾਂ ਤੋਂ ਪੁੱਛਿਆ ਜਾਵੇਗਾ ਕਿ ਕੀ ਉਹ ਟੋਕਨ ਨੰਬਰ ਲੈ ਕੇ ਲੈਣ-ਦੇਣ ਕਰਨਾ ਚਾਹੁਣਗੇ ਜਾਂ ਸਧਾਰਨ ਤਰੀਕੇ ਨਾਲ। ਗਾਹਕ ਦੀ ਮਨਜ਼ੂਰੀ ਮਿਲਣ ’ਤੇ ਪੋਰਟਲ ਵੱਲੋਂ ਕਾਰਡ ਜਾਰੀ ਕਰਨ ਵਾਲੀ ਸੰਸਥਾ (ਵੀਜ਼ਾ, ਮਾਸਟਰਕਾਰਡ, ਰੁਪੇ ਆਦਿ) ਤੋਂ ਗਾਹਕ ਦੀ ਜਾਣਕਾਰੀ ਮੰਗੀ ਜਾਵੇਗੀ ਤੇ ਉਸ ਨਾਲ ਜੁਡ਼ਿਆ ਟੋਕਨ ਨੰਬਰ ਜਾਰੀ ਕੀਤਾ ਜਾਵੇਗਾ।