ਇੰਟੈਲੀਜੈਂਸ ਹੈੱਡਕੁਆਰਟਰ ’ਤੇ ਹੋਏ ਹਮਲੇ ਦੇ ਮਾਮਲੇ ’ਚ ਜੁੜਨ ਲੱਗਾ ਲਾਰੈਂਸ ਦਾ ਨਾਂ, ਸੀ. ਸੀ. ਟੀ. ਵੀ. ’ਚ ਹੋਇਆ ਖੁਲਾ

ਚੰਡੀਗੜ੍ਹ: ਪੰਜਾਬ ਪੁਲਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈਡਕੁਆਟਰ ’ਤੇ ਕਰੀਬ ਦੋ ਮਹੀਨੇ ਪਹਿਲਾਂ ਰਾਕੇਟ ਪ੍ਰੋਪੈਲਡ ਨਾਲ ਹਮਲਾ ਕੀਤਾ ਗਿਆ ਸੀ, ਜਿਸ ਵਿਚ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ਨੂੰ ਨੁਕਸਾਨ ਨੁਕਸਾਨ ਪਹੁੰਚਿਆ ਸੀ। ਜਦਕਿ ਦੇਰ ਸ਼ਾਮ ਦਾ ਸਮਾਂ ਹੋਣ ਕਾਰਨ ਸਟਾਫ਼ ਦੀ ਗੈਰ-ਮੌਜੂਦਗੀ ਨਾਲ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ ਸੀ। ਇਸ ਹਮਲੇ ਨੂੰ ਪੰਜਾਬ ਪੁਲਸ ਵਲੋਂ ਆਪਣੀ ਜਾਂਚ ਦੇ ਆਧਾਰ ’ਤੇ ਵਿਦੇਸ਼ੀ ਖੁਫ਼ੀਆ ਏਜੰਸੀ ਅਤੇ ਖਾਲਿਸਤਾਨ ਅੱਤਵਾਦੀ ਗਰੁੱਪਾਂ ਨਾਲ ਜੋੜਿਆ ਗਿਆ ਸੀ।

ਮਾਮਲੇ ਦੀ ਚੱਲ ਰਹੀ ਜਾਂਚ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਹਮਲੇ ਤੋਂ ਕੁੱਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਮੁੱਖ ਸਾਜ਼ਿਸ਼ਕਰਤਾ ਦੇ ਤੌਰ ’ਤੇ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਗੁਰਗਿਆਂ ਨੂੰ ਘੁੰਮਦੇ ਦੇਖਿਆ ਗਿਆ ਸੀ। ਸੀ. ਸੀ. ਟੀ. ਵੀ. ਫੁਟੇਜ ਵਿਚ ਸੁਰੱਖਿਆ ਏਜੰਸੀਆਂ ਨੇ ਹਮਲੇ ਤੋਂ ਪਹਿਲਾਂ ਬਿਸ਼ਨੋਈ ਗੈਂਗ ਦੇ ਗੁਰਗੇ ਦੀਪਕ ਨੂੰ ਪਛਾਣ ਲਿਆ ਹੈ। ਪੁਲਸ ਸੂਤਰਾਂ ਮੁਤਾਬਿਕ ਇਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਬਿਸ਼ਨੋਈ ਗੈਂਗ ਦੇ ਗੁਰਗੇ ਦੀਪਕ ਨੇ ਪਾਕਿਸਤਾਨ ਵਿਚ ਬੈਠੇ ਖਾਲਿਸਤਾਨੀ ਗਰੁੱਪ ਨਾਲ ਜੁੜ ਚੁੱਕੇ ਪੁਰਾਣੇ ਗੈਂਗਸਟਰ ਸਾਥੀ ਹਰਵਿੰਦਰ ਸਿੰਘ ਰਿੰਦਾ ਦੇ ਕਹਿਣ ’ਤੇ ਹੀ ਇਸ ਹਮਲੇ ਨੂੰ ਅੰਜਾਮ ਦਿੱਤਾ ਸੀ।

ਧਿਆਨ ਰਹੇ ਕਿ ਪੰਜਾਬ ਪੁਲਸ ਨੇ ਮੁੱਢਲੀ ਜਾਂਚ ਤੋਂ ਬਾਅਦ ਅੱਧਾ ਦਰਜਨ ਤੋਂ ਵੀ ਵੱਧ ਲੋਕਾਂ ਜਗਦੀਪ ਸਿੰਘ ਕੰਗ, ਚੜ੍ਹਤ ਸਿੰਘ, ਨਿਸ਼ਾਨ ਸਿੰਘ, ਬਲਜਿੰਦਰ ਸਿੰਘ ਰੈਂਬੋ, ਕੰਵਰ ਬਾਠ, ਅਨੰਤਦੀਪ ਤੇ ਬਲਜੀਤ ਕੌਰ ਨੂੰ ਇਸ ਹਮਲੇ ਲਈ ਸਮੱਗਰੀ, ਪਨਾਹ ਜਾਂ ਸਾਧਨ ਮੁਹੱਈਆ ਕਰਵਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਉਸ ਸਮੇਂ ਵੀ ਦਾਅਵਾ ਕੀਤਾ ਸੀ ਕਿ ਉਕਤ ਆਰ. ਪੀ. ਜੀ. ਹਮਲੇ ਲਈ ਹਰਵਿੰਦਰ ਸਿੰਘ ਰਿੰਦਾ ਤੇ ਲਖਬੀਰ ਸਿੰਘ ਲੰਡਾ ਨੇ ਸਾਜ਼ਿਸ਼ ਰਚੀ ਸੀ ਤੇ ਆਪਣੇ ਗੁਰਗਿਆਂ ਰਾਹੀਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਹੁਣ ਸਾਹਮਣੇ ਆਈ ਸੀ. ਸੀ. ਟੀ. ਵੀ. ਫੁਟੇਜ ਵਿਚ ਪੁਲਸ ਤੇ ਜਾਂਚ ਏਜੰਸੀਆਂ ਨੇ ਬਿਸ਼ਨੋਈ ਦੇ ਗੁਰਗੇ ਦੀਪਕ ਨਿਵਾਸੀ ਝੱਜਰ, ਹਰਿਆਣਾ ਤੇ ਇਸ ਦੇ ਇਕ ਸਾਥੀ ਦੀ ਪਛਾਣ ਕਰ ਲਈ ਹੈ ਪਰ ਅਜੇ ਤੱਕ ਦੋਵਾਂ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਧਿਆਨਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਕਤਲ ਦੇ ਮਾਮਲੇ ਵਿਚ ਗ੍ਰਿਫ਼ਤਾਰੀ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਜੇ ਵੀ ਪੰਜਾਬ ਪੁਲਸ ਦੀ ਹੀ ਹਿਰਾਸਤ ਵਿਚ ਹੈ ਕਿਉਂਕਿ ਕਈ ਜ਼ਿਲ੍ਹਿਆਂ ਦੀ ਪੁਲਸ ਨੂੰ ਉਹ ਕਾਫ਼ੀ ਸਮੇਂ ਤੋਂ ਕਈ ਮਾਮਲਿਆਂ ਵਿਚ ਲੋੜੀਂਦਾ ਸੀ। ਹੁਣ ਸੰਭਾਵਨਾ ਹੈ ਕਿ ਲਾਰੈਂਸ ਬਿਸ਼ਨੋਈ ਤੋਂ ਇਸ ਮਾਮਲੇ ਵਿਚ ਵੀ ਪੁੱਛਗਿੱਛ ਕੀਤੀ ਜਾਵੇਗੀ।

Leave a Reply

Your email address will not be published. Required fields are marked *