ਤੇਜ਼ਾਬ ਪਾ ਕੇ ਦੋਵਾਂ ਅੱਖਾਂ ਤੋਂ ਨੇਤਰਹੀਣ ਕੀਤੀ ਕੁੜੀ ਲਈ ਸਹਾਰਾ ਬਣੇ ਡਾ. ਉਬਰਾਏ, ਕੀਤੀ ਇਹ ਮਦਦ

ਬਟਾਲਾ :  ਸ਼ਰਾਰਤੀ ਅਨਸਰਾਂ ਵੱਲੋਂ ਇਕ ਕੁੜੀ ਦੇ ਚਿਹਰੇ ਉੱਪਰ ਤੇਜ਼ਾਬ ਸੁੱਟ ਕੇ ਉਸ ਦੀਆਂ ਦੋਵੇਂ ਅੱਖਾਂ ਦੀ ਰੌਸ਼ਨੀ ਨੂੰ ਖ਼ਤਮ ਕਰ ਦਿੱਤਾ ਗਿਆ। ਪੀੜਤ ਕੁੜੀ ਆਪਣਾ ਇਲਾਜ ਕਰਵਾਉਣ ਅਤੇ ਘਰ ਦਾ ਗੁਜ਼ਾਰਾ ਕਰਨ ਤੋਂ ਅਸਮਰੱਥ ਦਿਖਾਈ ਦੇ ਰਹੀ ਸੀ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਸੰਸਾਰ ਪ੍ਰਸਿੱਧ ਸਮਾਜਸੇਵੀ ਸ਼ਖਸੀਅਤ ਡਾ. ਐੱਸ. ਪੀ. ਸਿੰਘ ਓਬਰਾਏ ਨੇ ਪੀੜਤ ਕੁੜੀ ਦੇ ਸਿਰ ’ਤੇ ਹੱਥ ਰੱਖਦਿਆਂ ਮਹੀਨਾਵਾਰ ਪੈਨਸ਼ਨ ਲਗਵਾਉਣ ਦਾ ਸ਼ਲਾਘਾਯੋਗ ਕਾਰਜ਼ ਕੀਤਾ।

ਇਸ ਦੌਰਾਨ ਅੱਜ ਨਗਰ ਨਿਗਮ ਬਟਾਲਾ ਦੇ ਮੇਅਰ ਤੇ ਉੱਘੀ ਸਮਾਜਸੇਵੀ ਸ਼ਖਸੀਅਤ ਸੁਖਦੀਪ ਸਿੰਘ ਸੁੱਖ ਤੇਜਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਨਰਲ ਸੈਕਟਰੀ ਹਰਮਿੰਦਰ ਸਿੰਘ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਗੁਰਪ੍ਰੀਤ ਸਿੰਘ ਸ਼ਾਨਾ ਵੱਲੋਂ ਗੁਰਦਾਸਪੁਰ ਸ਼ਹਿਰ ਦੀ ਰਹਿਣ ਵਾਲੀ ਦੋਵਾਂ ਅੱਖਾਂ ਤੋਂ ਨੇਤਰਹੀਣ ਪੀੜਤ ਕੁੜੀ ਦੇ ਪਤੀ ਕ੍ਰਿਸ਼ਨ ਲਾਲ ਨੂੰ ਪੈਨਸ਼ਨ ਦਾ ਚੈੱਕ ਭੇਂਟ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਨੇ ਕਿਹਾ ਕਿ ਟਰੱਸਟ ਦੀ ਜ਼ਿਲ੍ਹਾ ਇਕਾਈ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੂੰ ਬੇਨਤੀ ਕਰਨ ਉਪਰੰਤ ਸਰਬੱਤ ਦਾ ਭਲਾ ਟਰੱਸਟ ਵੱਲੋਂ ਮਹੀਨਾਵਾਰ ਪੈਨਸ਼ਨ ਮਨਜ਼ੂਰ ਕੀਤੀ ਗਈ ਹੈ, ਤਾਂ ਜੋ ਕੁੜੀ ਆਪਣਾ ਇਲਾਜ ਕਰਵਾਉਂਦਿਆਂ ਘਰ ਦਾ ਗੁਜ਼ਾਰਾ ਕਰ ਸਕੇ।

ਇਸ ਮੌਕੇ ਮੇਅਰ ਸੁੱਖ ਤੇਜਾ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਡਾ. ਐੱਸ.ਪੀ. ਸਿੰਘ ਓਬਰਾਏ ਵਲੋਂ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਨੇਕ ਉਪਰਾਲੇ ਬਹੁਤ ਸ਼ਲਾਘਾਯੋਗ ਹਨ। ਡਾ. ਓਬਰਾਏ ਦੇਸ਼ ਵਿਦੇਸ਼ ਦੇ ਅੰਦਰ ਸਮਾਜਸੇਵੀ ਕਾਰਜ਼ਾਂ ਵਿਚ ਹਮੇਸ਼ਾ ਵੱਧ ਚੜ੍ਹ ਕੇ ਯੋਗਦਾਨ ਪਾ ਰਹੇ ਹਨ। ਇਸ ਮੌਕੇ ਦੋਵਾਂ ਅੱਖਾਂ ਤੋਂ ਨੇਤਰਹੀਣ ਕੁੜੀ ਤੇ ਉਸ ਦੇ ਪਤੀ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕਰਦਿਆ ਕਿਹਾ ਕਿ ਮਨੁੱਖਤਾ ਨੂੰ ਬਚਾਉਣ ਲਈ ਸਰਬੱਤ ਦਾ ਭਲਾ ਟਰੱਸਟ ਵੱਲੋਂ ਕੀਤੇ ਜਾ ਰਹੇ ਨੇਕ ਕਾਰਜ ਬਹੁਤ ਉਤਮ ਉਪਰਾਲਾ ਹੈ, ਕਿਉਂਕਿ ਗਰੀਬ ਲੋੜਵੰਦਾਂ ਨੂੰ ਸਹਾਇਤਾ ਦੇਣੀ ਨੇਕ ਕਾਰਜ ਹੈ।

Leave a Reply

Your email address will not be published. Required fields are marked *