ਓਲੀ ਦੇ ਭਵਿੱਖ ਬਾਰੇ ਫ਼ੈਸਲਾ ਕਰਨ ਵਾਲੀ ਮੀਟਿੰਗ ਭਲਕ ਤੱਕ ਮੁਲਤਵੀ

ਕਾਠਮੰਡੂ: ਨੇਪਾਲ ਦੀ ਸੱਤਾਧਾਰੀ ਪਾਰਟੀ ਦੀ ਮਹੱਤਵਪੂਰਨ ਮੀਟਿੰਗ ਅੱਜ ਪੰਜਵੀਂ ਵਾਰ ਐਤਵਾਰ 19 ਜੁਲਾਈ ਤੱਕ ਲਈ ਟਾਲ ਦਿੱਤੀ ਗਈ ਤਾਂ ਜੋ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਅਤੇ ਸਾਬਕਾ ਪ੍ਰਧਾਨ ਮਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਦੀ ਅਗਵਾਈ ਵਾਲੀ ਵਿਰੋਧੀ ਗੁੱਟ ਨੂੰ ਆਪਸੀ ਵਖਰੇਵੇਂ ਦੂਰ ਕਰਨ ਲਈ ਹੋਰ ਸਮਾਂ ਦਿੱਤਾ ਜਾ ਸਕੇ। ਨੇਪਾਲ ਕਮਿਊਨਿਸਟ ਪਾਰਟੀ (ਐੱਨਸੀਪੀ) ਦੀ ਸਥਾਈ ਕਮੇਟੀ ਦੀ ਮੀਟਿੰਗ ਅੱਜ ਬਾਅਦ ਦੁਪਹਿਰ ਤਿੰਨ ਵਜੇ ਹੋਣ ਵਾਲੀ ਸੀ ਪਰ ਓਲੀ ਤੇ ਪ੍ਰਚੰਡ ਦੀ ਅਪੀਲ ’ਤੇ ਇਸ ਨੂੰ 19 ਜੁਲਾਈ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਓਲੀ ਦੇ ਪ੍ਰੈੱਸ ਸਲਾਹਕਾਰ ਸੂਰਿਆ ਥਾਪਾ ਨੇ ਟਵੀਟ ਕੀਤਾ, ‘ਮੀਟਿੰਗ ਐਤਵਾਰ ਨੂੰ ਬਾਅਦ ਦੁਪਹਿਰ ਤਿੰਨ ਵਜੇ ਹੋਵੇਗੀ।’ ਸਥਾਈ ਕਮੇਟੀ ਦੀ ਪਿਛਲੀ ਮੀਟਿੰਗ ਦੋ ਜੁਲਾਈ ਨੂੰ ਹੋਈ ਸੀ। ਸਥਾਈ ਕਮੇਟੀ ਦੇ ਮੈਂਬਰ ਗਣੇਸ਼ ਸ਼ਾਹ ਨੇ ਦੱਸਿਆ ਕਿ ਪਾਰਟੀ ਨੇ ਵੀ ਆਪਣੀ 441 ਮੈਂਬਰੀ ਕੇਂਦਰੀ ਕਾਰਜ ਕਮੇਟੀ (ਸੀਡਬਲਯੂਸੀ) ਦੀ ਮੀਟਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਵਿੱਖ ’ਤੇ ਅਗਲੇ ਹਫ਼ਤੇ ਹੋਣ ਵਾਲੀ ਸੀਡਬਲਯੂਸੀ ਦੀ ਮੀਟਿੰਗ ’ਚ ਫ਼ੈਸਲਾ ਲਿਅਾ ਜਾਵੇਗਾ।