ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਘਟਨਾ: ਡੀਜੀਪੀ ਵੱਲੋਂ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਿਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ: ਚੰਡੀਗੜ੍ਹ ਯੂਨੀਵਰਸਿਟੀ ਦੀਆਂ ਕਈ ਵਿਦਿਆਰਥਣਾਂ ਦੀਆਂ ਇਤਰਾਜ਼ਯੋਗ ਵੀਡੀਓਜ਼ ਰਿਕਾਰਡ ਕੀਤੇ ਜਾਣ ਦੇ ਦੋਸ਼ਾਂ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਕਰਵਾਉਣ ਲਈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਮਹਿਲਾ ਅਧਿਕਾਰੀਆਂ ਦੀ ਇਕ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਸ ਟੀਮ ਦੀ ਅਗਵਾਈ ਸੀਨੀਅਰ ਆਈਪੀਐੱਸ ਅਧਿਕਾਰੀ ਗੁਰਪ੍ਰੀਤ ਦਿਓ ਕਰਨਗੇ। ਉੱਧਰ, ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲੀਸ ਵੱਲੋਂ ਭਰੋਸਾ ਦਿਵਾਏ ਜਾਣ ਤੋਂ ਬਾਅਦ ਵਿਦਿਆਰਥੀਆਂ ਨੇ ਅੱਜ ਤੜਕੇ ਆਪਣਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ। ਪ੍ਰਦਰਸ਼ਨ ਖ਼ਤਮ ਹੋਣ ਤੋਂ ਬਾਅਦ ਵਿਦਿਆਰਥਣਾਂ ਆਪੋ ਆਪਣੇ ਮਾਪਿਆਂ ਨਾਲ ਹੋਸਟਲ ਛੱਡ ਕੇ ਘਰਾਂ ਲਈ ਰਵਾਨਾ ਹੋ ਗਈਆਂ। ਇਸੇ ਦੌਰਾਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਖਰੜ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਅਦਾਲਤ ਨੇ ਮੁਲਜ਼ਮਾਂ ਨੂੰ ਸੱਤ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਨ੍ਹਾਂ ਮੁਲਜ਼ਮਾਂ ਵਿੱਚੋਂ ਦੋ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਯੂਨੀਵਰਸਿਟੀ ਨੇ ਅੱਜ ਲਾਪ੍ਰਵਾਹੀ ਦੇ ਦੋਸ਼ ਹੇਠ ਦੋ ਵਾਰਡਨਾਂ ਨੂੰ ਮੁਅੱਤਲ ਕਰ ਦਿੱਤਾ ਅਤੇ 24 ਸਤੰਬਰ ਤੱਕ ਛੁੱਟੀ ਦਾ ਐਲਾਨ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਹੋਸਟਲ ਦੇ ਸਮੇਂ ਤੇ ਵਿਦਿਆਰਥੀਆਂ ਦੀਆਂ ਹੋਰ ਮੰਗਾਂ ਸਬੰਧੀ ਮਾਮਲਿਆਂ ਨੂੰ ਸੁਲਝਾਉਣ ਲਈ ਵਿਦਿਆਰਥੀਆਂ ਤੇ ਸੀਨੀਅਰ ਅਹੁਦੇਦਾਰਾਂ ਦੀ ਇਕ ਸਾਂਝੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਕਿਹਾ, ‘‘ਵਿਦਿਆਰਥੀਆਂ ਨੇ ਐਤਵਾਰ ਦੇਰ ਰਾਤ ਕਰੀਬ 1.30 ਵਜੇ ਪ੍ਰਦਰਸ਼ਨ ਖ਼ਤਮ ਕਰ ਦਿੱਤਾ।’’ ਯੂਨੀਵਰਸਿਟੀ ਨੇ ਟਵੀਟ ਕੀਤਾ, ‘‘ਅਸੀਂ ਹਮੇਸ਼ਾ ਆਪਣੇ ਵਿਦਿਆਰਥੀਆਂ ਨਾਲ ਹਾਂ, ਭਾਵੇਂ ਕਿ ਉਨ੍ਹਾਂ ਦੀਆਂ ਅਕਾਦਮਿਕ ਇੱਛਾਵਾਂ ਦੀ ਗੱਲ ਹੋਵੇ ਜਾਂ ਉਨ੍ਹਾਂ ਦੀ ਸੁਰੱਖਿਆ ਜਾਂ ਭਲਾਈ ਦਾ ਮਾਮਲਾ ਹੋਵੇ। ਅਸੀਂ ਆਪਣੇ ਵਿਦਿਆਰਥੀਆਂ ਪ੍ਰਤੀ ਆਪਣੀ ਇਸ ਵਚਨਬੱਧਤਾ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ।’’

Leave a Reply

Your email address will not be published. Required fields are marked *