ਫਿਰ ਮਿਲੀ ਡਰੱਗ ਦੀ ਵੱਡੀ ਖੇਪ, ਮੁੰਬਈ ਬੰਦਰਗਾਹ ਤੋਂ 1725 ਕਰੋੜ ਦੀ ਹੈਰੋਇਨ ਜ਼ਬਤ

ਨਵੀਂ ਦਿੱਲੀ- ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਦੇ ਹੱਥ ਵੱਡੀ ਸਫ਼ਲਤਾ ਲੱਗੀ ਹੈ। ਸਪੈਸ਼ਲ ਸੈੱਲ ਨੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੋਂ ਵੱਡੀ ਮਾਤਰਾ ’ਚ ਹੈਰੋਇਨ ਦੀ ਖੇਪ ਬਰਾਮਦ ਕੀਤੀ ਹੈ। ਕੌਮਾਂਤਰੀ ਬਾਜ਼ਾਰ ’ਚ ਇਸ ਦੀ ਕੀਮਤ ਲੱਗਭਗ 1725 ਕਰੋੜ ਰੁਪਏ ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ ਨਹਾਵਾ ਸ਼ੇਵਾ ਪੋਰਟ ਤੋਂ 22 ਟਨ ਤੋਂ ਵੱਧ ਹੈਰੋਇਨ ਦੇ ਨਾਲ ਇਕ ਕੰਟੇਨਰ ਜ਼ਬਤ ਕੀਤਾ ਗਿਆ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈਲ ਇਸ ਪੂਰੇ ਮਾਮਲੇ ਦਾ ਜਲਦੀ ਖ਼ੁਲਾਸਾ ਕਰੇਗੀ।

ਸਪੈਸ਼ਲ ਸੈੱਲ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਮੁੰਬਈ ਦੇ ਨਹਾਵਾ ਸ਼ੇਵਾ ਪੋਰਟ ’ਤੇ ਪਹੁੰਚੀ ਅਤੇ ਉੱਥੇ ਇਕ ਕੰਟੇਨਰ ’ਚ 22 ਟਨ ਹੈਰੋਇਨ ਤੋਂ ਕੋਟੇਡ ਮੁਲੇਠੀ ਬਰਾਮਦ ਕੀਤੀ ਗਈ। ਇੰਨੀ ਵੱਡੀ ਮਾਤਰਾ ’ਚ ਹੈਰੋਇਨ ਦੀ ਖੇਪ ਵੇਖ ਕੇ ਪੁਲਸ ਵੀ ਹੈਰਾਨ ਰਹਿ ਗਈ। ਸੂਤਰਾਂ ਮੁਤਾਬਕ ਹੁਣ ਤੱਕ ਇਹ ਦਿੱਲੀ ਪੁਲਸ ਦੀ ਸਭ ਤੋਂ ਵੱਡੀ ਹੈਰੋਇਨ ਦੀ ਬਰਾਮਦਗੀ ਹੈ। ਵੱਡਾ ਸਵਾਲ ਇਹ ਹੈ ਕਿ ਹੈਰੋਇਨ ਦੀ ਵੱਡੀ ਖੇਪ ਨਾਹਵਾ ਸ਼ੇਵਾ ਬੰਦਰਗਾਹ ’ਤੇ ਕਿਵੇਂ ਪਹੁੰਚੀ?

ਦੱਸਿਆ ਜਾ ਰਿਹਾ ਹੈ ਕਿ ਵੱਡੀ ਮਾਤਰਾ ‘ਚ ਹੈਰੋਇਨ ਮਿਲਣ ਦੇ ਇਸ ਮਾਮਲੇ ਦੀਆਂ ਤਾਰਾਂ ਨਾਰਕੋ ਟੈਰਰ ਨਾਲ ਜੁੜੀਆਂ ਹੋਈਆਂ ਹਨ। ਕੁਝ ਦਿਨ ਪਹਿਲਾਂ ਸਪੈਸ਼ਲ ਸੈੱਲ ਨੇ ਦੋ ਅਫਗਾਨੀਆਂ ਨੂੰ ਗ੍ਰਿਫਤਾਰ ਕਰਕੇ ਨਾਰਕੋ ਟੈਰਰ ਦਾ ਪਰਦਾਫਾਸ਼ ਕੀਤਾ ਸੀ। ਸਪੈਸ਼ਲ ਸੈੱਲ ਨੇ ਉਦੋਂ 1200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਸਨ। ਪੁੱਛ-ਗਿੱਛ ਦੌਰਾਨ ਅਫਗਾਨ ਨਾਗਰਿਕਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਨਸ਼ੀਲਾ ਪਦਾਰਥ ਮੁੰਬਈ ਦੀ ਬੰਦਰਗਾਹ ‘ਤੇ ਵੀ ਕੰਟੇਨਰ ‘ਚ ਮੌਜੂਦ ਸੀ। ਕਰੋੜਾਂ ਰੁਪਏ ਦੀ ਹੈਰੋਇਨ ਦੀ ਖੇਪ ਫੜੇ ਜਾਣ ਦੇ ਇਕ ਸਾਲ ਬਾਅਦ ਨਸ਼ੀਲੀਆਂ ਦਵਾਈਆਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ। ਦੱਸ ਦੇਈਏ ਕਿ 17 ਤੋਂ 19 ਸਤੰਬਰ 2021 ਦਰਮਿਆਨ ਮੁੰਦਰਾ ਪੋਰਟ ’ਤੇ ਹੈਰੋਇਨ ਜ਼ਬਤ ਕੀਤੀ ਗਈ ਸੀ।

Leave a Reply

Your email address will not be published. Required fields are marked *