PFI ਨੇ ਰਚੀ ਸੀ PM ਮੋਦੀ ’ਤੇ ਹਮਲੇ ਦੀ ਸਾਜਿਸ਼ : ED ਦਾ ਦਾਅਵਾ

ਨਵੀਂ ਦਿੱਲੀ: ਪਾਪੁਲਰ ਫਰੰਟ ਇੰਡੀਆ (PFI) ਖ਼ਿਲਾਫ ਹੋਈ ਕਾਰਵਾਈ ਮਗਰੋਂ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ ਵੱਡਾ ਦਾਅਵਾ ਕੀਤਾ ਹੈ। ਈਡੀ ਮੁਤਾਬਕ PFI ਨੇ ਬਿਹਾਰ ਦੇ ਪਟਨਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਸੰਗਠਨ ਦੀ 12 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪਟਨਾ ਰੈਲੀ ’ਚ ਧਮਾਕਾ ਕਰਨ ਦੀ ਤਿਆਰੀ ਸੀ। ਇਸ ਲਈ PFI ਦਾ ਟੈਰਟ ਮੋਡਿਊਲ ਖ਼ਤਰਨਾਕ ਹਥਿਆਰਾਂ ਅਤੇ ਵਿਸਫੋਟਕ ਇਕੱਠਾ ਕਰਨ ’ਚ ਲੱਗਾ ਹੋਇਆ ਸੀ।

ਈਡੀ ਮੁਤਾਬਕ PFI ਨੇ ਉੱਤਰ ਪ੍ਰਦੇਸ਼ ’ਚ ਸੰਵੇਦਨਸ਼ੀਲ ਥਾਵਾਂ ਅਤੇ ਸ਼ਖਸੀਅਤਾਂ ’ਤੇ ਇਕ ਸਾਥ ਹਮਲੇ ਦੀ ਤਿਆਰੀ ਕੀਤੀ ਸੀ। ਇਕ ਰਿਪੋਰਟ ਮੁਤਾਬਕ ਕੇਰਲ ਤੋਂ ਗ੍ਰਿਫ਼ਤਾਰ ਹੋਏ PFI ਮੈਂਬਰ ਸ਼ਫੀਕ ਪਾਯੇਥ ਦੇ ਰਿਮਾਂਡ ਨੋਟ ’ਚ ਈਡੀ ਨੇ ਸਨਸਨੀਖੇਜ਼ ਦਾਅਵੇ ਕੀਤੇ ਹਨ। ਏਜੰਸੀ ਦਾ ਕਹਿਣਾ ਹੈ ਕਿ PFI ਨੇ ਇਸ ਸਾਲ 12 ਜੁਲਾਈ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਪਟਨਾ ਦੌਰੇ ’ਤੇ ਹਮਲਾ ਕਰਨ ਲਈ ਟ੍ਰੇਨਿੰਗ ਕੈਂਪ ਲਾਇਆ ਸੀ। ਖ਼ਾਸ ਗੱਲ ਇਹ ਹੈ ਕਿ ਸਾਲ 2013 ’ਚ ਇੰਡੀਅਨ ਮੁਜਾਹਿਦੀਨ ਨਾਲ ਜੁੜੇ ਅੱਤਵਾਦੀਆਂ ਨੇ ਵੀ ਉਨ੍ਹਾਂ ਦੀ ਰੈਲੀ ’ਚ ਧਮਾਕਾ ਕੀਤਾ ਸੀ।

ED ਅਤੇ NIA ਨੇ 22 ਸਤੰਬਰ ਨੂੰ ਕੀਤੀ ਸੀ ਛਾਪੇਮਾਰੀ

ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਦੇਸ਼ ਦੇ ਕਰੀਬ 13 ਸੂਬਿਆਂ ’ਚ ਈਡੀ ਅਤੇ ਰਾਸ਼ਟਰੀ ਜਾਂਚ ਏਜੰਸੀ (NIA) ਨਾਲ ਮਿਲ ਕੇ ਛਾਪੇਮਾਰੀ ਕੀਤੀ ਸੀ। ਉਸ ਦੌਰਾਨ NIA ਨੇ 100 ਤੋਂ ਵਧੇਰੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਦਕਿ ਈਡੀ ਨੇ 4 ਲੋਕਾਂ ਨੂੰ ਹਿਰਾਸਤ ’ਚ ਲਿਆ ਸੀ। ਇਨ੍ਹਾਂ ’ਚ ਪਰਵੇਜ਼ ਅਹਿਮਦ, ਮੁਹੰਮਦ ਇਲੀਆਸ ਅਤੇ ਅਬਦੁੱਲ ਮੁਕੀਤ ਦੇ ਨਾਂ ਸ਼ਾਮਲ ਹਨ। ਈਡੀ ਇਸ ਤੋਂ ਪਹਿਲਾਂ ਵੀ ਇਨ੍ਹਾਂ ਸਾਰਿਆਂ ਤੋਂ ਮਨੀ ਲਾਂਡਰਿੰਗ ਦੀ ਜਾਂਚ ਦੌਰਾਨ ਪੁੱਛ-ਗਿੱਛ ਕਰ ਚੁੱਕੀ ਹੈ।

ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ PFI ਨੇ ਇਕੱਠੇ ਕੀਤੇ 120 ਕਰੋੜ

PFI ਨੇ ਪਿਛਲੇ ਕੁਝ ਸਾਲਾਂ ’ਚ 120 ਕਰੋੜ ਰੁਪਏ ਸਿਰਫ਼ ਇਸ ਲਈ ਇਕੱਠੇ ਕੀਤੇ ਤਾਂ ਕਿ ਉਹ ਦੰਗਿਆਂ ਅਤੇ ਦੇਸ਼ ਭਰ ’ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇ ਸਕਣ। ਇਸ ਫੰਡ ’ਚ ਜ਼ਿਆਦਾਤਰ ਹਿੱਸਾ ਨਕਦੀ ਵਿਚ ਹੈ। ਈਡੀ ਕੋਲ ਇਸ ਦੀ ਪੂਰੀ ਡਿਟੇਲ ਹੈ। ਉੱਤਰ ਪ੍ਰਦੇਸ਼ ’ਚ ਸੰਵੇਦਨਸ਼ੀਲ ਥਾਵਾਂ ਅਤੇ ਅਹਿਮ ਵਿਅਕਤੀਆਂ ’ਤੇ ਇਕ ਸਾਥ ਹਮਲੇ ਦੀ ਸਾਜਿਸ਼ ਦੀ ਖ਼ਾਤਰ ਖ਼ਤਰਨਾਕ ਹਥਿਆਰਾਂ ਅਤੇ ਵਿਸਫੋਟਕਾਂ ਨੂੰ ਇਕੱਠਾ ਕਰਨ ’ਚ ਇਸ ਫੰਡ ਦਾ ਇਸਤੇਮਾਲ ਹੋਇਆ।

ਯੂ. ਪੀ. ’ਚ ਸੰਵੇਦਨਸ਼ੀਲ ਥਾਵਾਂ ਅਤੇ ਸ਼ਖਸੀਅਤਾਂ ’ਤੇ ਇਕੱਠੇ ਹਮੇ ਦੀ ਵੀ ਸੀ ਯੋਜਨਾ

ਈਡੀ ਨੇ PFI ’ਤੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੰਪ੍ਰਭੂਤਾ ਨੂੰ ਖਤਰੇ’ ’ਚ ਪਾਉਣ ਵਾਲੀਆਂ ਗਤੀਵਿਧੀਆਂ ਅਤੇ ਅਪਰਾਧਕ ਸਾਜਿਸ਼ ਦਾ ਦੋਸ਼ ਲਾਇਆ ਹੈ। ਜਾਂਚ ਦੌਰਾਨ PFI ਅਤੇ ਉਸ ਦੇ ਮੈਂਬਰਾਂ ਦੇ ਤਮਾਮ ਬੈਂਕ ਅਕਾਊਂਟਸ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਦੋਸ਼ੀਆਂ ਦੇ ਬਿਆਨ ਦਰਜ ਕੀਤੇ ਗਏ।

Leave a Reply

Your email address will not be published. Required fields are marked *