ਓ.ਪੀ. ਧਨਖੜ ਹਰਿਆਣਾ ਭਾਜਪਾ ਦੇ ਪ੍ਰਧਾਨ ਨਿਯੁਕਤ

ਨਵੀਂ ਦਿੱਲੀ : ਭਾਜਪਾ ਨੇ ਓ.ਪੀ.ਧਨਖੜ ਨੂੰ ਆਪਣੀ ਹਰਿਆਣਾ ਇਕਾਈ ਦਾ ਪ੍ਰਧਾਨ ਥਾਪ ਦਿੱਤਾ ਹੈ। ਧਨਖੜ ਦੀ ਨਿਯੁਕਤੀ ਨਾਲ ਭਾਜਪਾ ਨੇ ਇਕ ਵਾਰ ਮੁੜ ਇਸ ਅਹਿਮ ਅਹੁਦੇ ਲਈ ਜਾਟ ਚਿਹਰੇ ਨੂੰ ਤਰਜੀਹ ਦਿੱਤੀ ਹੈ। ਭਾਜਪਾ ਨੇ ਇਕ ਬਿਆਨ ਵਿੱਚ ਕਿਹਾ ਕਿ ਪਾਰਟੀ ਪ੍ਰਧਾਨ ਜੇ.ਪੀ.ਨੱਢਾ ਨੇ ਧਨਖੜ ਨੂੰ ਹਰਿਆਣਾ ਇਕਾਈ ਦਾ ਮੁਖੀ ਨਿਯੁਕਤ ਕੀਤਾ ਹੈ। ਉਂਜ ਇਸ ਨਿਯੁਕਤੀ ਨੂੰ ਸੂਬੇ, ਜਿੱਥੇ ਸਿਆਸਤ ਜਾਟਾਂ ਤੇ ਗੈਰ-ਜਾਟਾਂ ਦੁਆਲੇ ਘੁੰਮਦੀ ਹੈ, ਵਿੱਚ ਜਾਤ ਸਮੀਕਰਨ ’ਚ ਸਮਤੋਲ ਬਣਾਉਣ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ। ਹਰਿਅਾਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਗੈਰ-ਜਾਟ ਹਨ। ਧਨਖੜ, ਜਾਟ ਭਾਈਚਾਰੇ ਨਾਲ ਸਬੰਧਤ ਸੁਭਾਸ਼ ਬਰਾਲਾ ਦੀ ਥਾਂ ਲੈਣਗੇ। ਧਨਖੜ ਤੇ ਬਰਾਲਾ ਪਿਛਲੇ ਸਾਲ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਹਾਰ ਗਏ ਸਨ। ਧਨਖੜ, ਖੱਟਰ ਸਰਕਾਰ ਦੇ ਪਹਿਲੇ ਕਾਰਜਕਾਲ ’ਚ ਕੈਬਨਿਟ ਮੰਤਰੀ ਸਨ। –