ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਲੈਫਟੀਨੈਂਟ ਜਨਰਲ ਅਨਿਲ ਚੌਹਾਨ (ਸੇਵਾਮੁਕਤ) ਨੂੰ ਅਗਲੇ ਚੀਫ਼ ਆਫ਼ ਡਿਫੈਂਸ ਸਟਾਫ (CDS) ਵਜੋਂ ਨਿਯੁਕਤ ਕੀਤਾ ਹੈ। ਲੈਫਟੀਨੈਂਟ ਜਨਰਲ ਅਨਿਲ ਚੌਹਾਨ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਕੰਮ ਕਰਨਗੇ। ਇੱਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਦੇ ਪੂਰਬੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਦੇ ਕਾਰਜਕਾਲ ਦੌਰਾਨ, ਉੱਤਰ-ਪੂਰਬੀ ਖੇਤਰ ਵਿੱਚ ਅੱਤਵਾਦ ਵਿੱਚ ਮਹੱਤਵਪੂਰਨ ਕਮੀ ਆਈ ਸੀ, ਜਿਸ ਦੇ ਨਤੀਜੇ ਵਜੋਂ ਕਈ ਉੱਤਰ-ਪੂਰਬੀ ਰਾਜਾਂ ਵਿੱਚ ਫ਼ੌਜ ਦੀ ਤਾਇਨਾਤੀ ਵਿੱਚ ਵੀ ਕਮੀ ਆਈ ਸੀ।

ਉਨ੍ਹਾਂ ਕਿਹਾ ਕਿ ਡੀਜੀਐਮਓ ਵਜੋਂ ਉਹ ਆਪਰੇਸ਼ਨ ਸਨਰਾਈਜ਼ ਦੇ ਮੁੱਖ ਆਰਕੀਟੈਕਟ ਸਨ, ਜਿਸ ਦੇ ਤਹਿਤ ਭਾਰਤੀ ਅਤੇ ਮਿਆਂਮਾਰ ਫੌਜ ਨੇ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ‘ਤੇ ਅੱਤਵਾਦੀਆਂ ਵਿਰੁੱਧ ਤਾਲਮੇਲ ਨਾਲ ਕਾਰਵਾਈ ਕੀਤੀ। ਅਧਿਕਾਰੀ ਮੁਤਾਬਕ ਚੌਹਾਨ ਬਾਲਾਕੋਟ ‘ਚ ਸਰਜੀਕਲ ਸਟ੍ਰਾਈਕ ਦੀ ਯੋਜਨਾ ਨਾਲ ਵੀ ਜੁੜਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੂਰਬੀ ਕਮਾਂਡ ਨੇ ਭਾਰਤ-ਚੀਨ ਸਰਹੱਦ ‘ਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਲਈ ਆਪਣੀ ਹਿੰਮਤ ਦਿਖਾਈ। ਲੈਫਟੀਨੈਂਟ ਜਨਰਲ ਚੌਹਾਨ ਮੂਲ ਰੂਪ ਤੋਂ ਉੱਤਰਾਖੰਡ ਦੇ ਰਹਿਣ ਵਾਲੇ ਹਨ।