ਬਕਰੇ ਦੀ ਬਲੀ ਦੌਰਾਨ ਹਥਿਆਰ ਛੁੱਟ ਕੇ ਬੱਚੇ ਦੀ ਗਰਦਨ ’ਤੇ ਡਿੱਗਿਆ, ਪੂਜਾ ’ਚ ਮਾਤਮ

ਰਾਂਚੀ: ਝਾਰਖੰਡ ਦੇ ਗੁਮਲਾ ਜ਼ਿਲ੍ਹਾ ਤਹਿਤ ਘਾਗਰਾ ਥਾਣਾ ਖੇਤਰ ਦੇ ਲਾਲਪੁਰ ਪਿੰਡ ਵਿਚ ਦੁਰਗਾ ਨੌਮੀ ’ਤੇ ਬਕਰੇ ਦੀ ਬਲੀ ਦੌਰਾਨ ਦਰਦਨਾਕ ਹਾਦਸਾ ਵਾਪਰਿਆ। ਜਿਹੜੇ ਤੇਜ਼ਧਾਰ ਹਥਿਆਰ ਨਾਲ ਬਕਰੇ ਦੀ ਬਲੀ ਦਿੱਤੀ ਜਾ ਰਹੀ ਸੀ, ਉਹ ਛੁੱਟ ਕੇ ਨੇੜੇ ਖੜ੍ਹੇ 3 ਸਾਲ ਦੇ ਇਕ ਬੱਚੇ ਨੂੰ ਜਾ ਲੱਗਾ। ਲਹੂਲੁਹਾਨ ਬੱਚੇ ਦੀ ਇਲਾਜ ਲਈ ਹਸਪਤਾਲ ਲਿਜਾਣ ਦੌਰਾਨ ਮੌਤ ਹੋ ਗਈ। ਇਸ ਹਾਦਸੇ ਨਾਲ ਪੂਰੇ ਪਿੰਡ ਵਿਚ ਪੂਜਾ ਦਾ ਉਤਸ਼ਾਹ ਮਾਤਮ ਵਿਚ ਬਦਲ ਗਿਆ। ਮ੍ਰਿਤਕ ਬੱਚੇ ਦਾ ਨਾਂ ਵਿਮਲ ਉਰਾਂਵ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸਿਆ ਗਿਆ ਕਿ ਪਿੰਡ ਦੇ ਦੁਰਗਾ ਪੂਜਾ ਮੰਡਪ ਵਿਚ ਪਰੰਪਰਾ ਮੁਤਾਬਕ ਬਕਰਿਆਂ ਦੀ ਬਲੀ ਦਿੱਤੀ ਜਾ ਰਹੀ ਸੀ। 2 ਬੱਕਰਿਆਂ ਦੀ ਬਲੀ ਦਿੱਤੀ ਜਾ ਚੁੱਕੀ ਸੀ। ਤੀਜੇ ਬਕਰੇ ਦੀ ਬਲੀ ਲਈ ਜਿਵੇਂ ਹੀ ਬਲੁਆ (ਤੇਜ਼ਧਾਰ ਹਥਿਆਰ) ਨਾਲ ਬਕਰੇ ਦੀ ਗਰਦਨ ’ਤੇ ਹਮਲਾ ਕੀਤਾ ਗਿਆ ਤਾਂ ਉਹ ਛੁੱਟ ਕੇ ਭੀੜ ਵਿਚ ਖੜ੍ਹੇ ਦੀਪਕ ਉਰਾਂਵ ਦੇ 3 ਸਾਲਾ ਪੁੱਤਰ ਵਿਮਲ ਉਰਾਂਵ ਦੀ ਗਰਦਨ ’ਤੇ ਜਾ ਲੱਗਾ। ਇਸ ਨਾਲ ਪੂਜਾ ਸਥਾਨ ’ਤੇ ਕੋਹਰਾਮ ਮਚ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਬੱਚੇ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ। ਘਾਗਰਾ ਥਾਣਾ ਇੰਚਾਰਜ ਅਮਿਤ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਛਾਣਬੀਨ ਕੀਤੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੇ ਮਾਤਾ-ਪਿਤਾ ਦਾ ਬਿਆਨ ਦਰਜ ਕੀਤਾ ਹੈ। ਇਸ ਸੰਬੰਧੀ ਥਾਣੇ ਵਿਚ ਐੱਫ. ਆਈ. ਆਰ. ਦਰਜ ਕੀਤੀ ਜਾਵੇਗੀ।

Leave a Reply

Your email address will not be published. Required fields are marked *