ਵਿਆਹ ‘ਚ ਫਾਇਰ ਕਰਨੇ ਪਏ ਮਹਿੰਗੇ, ਆਰਮਜ਼ ਐਕਟ ਤਹਿਤ ਮੁਲਜ਼ਮ ਗ੍ਰਿਫ਼ਤਾਰ

ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਵਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਉੱਪਰ ਪਿਛਲੇ ਦਿਨੀਂ ਲਾਈ ਰੋਕ ਦੀ ਉਲੰਘਣਾ ਕਰਦਿਆਂ ਵਿਆਹ ਵਿਚ ਸ਼ੌਕੀਆ ਹਵਾਈ ਫਾਇਰ ਕਰਨ ਵਾਲੇ ਵਿਅਕਤੀ ਵਿਰੁੱਧ ਜ਼ਿਲ੍ਹਾ ਪ੍ਰਸ਼ਾਸ਼ਨ ਤੇ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ ਹੈ। ਸਬੰਧਿਤ ਵਿਅਕਤੀ ਦੇ ਅਸਲਾ ਲਾਇਸੈਂਸ ਨੂੰ ਰੱਦ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵਲੋਂ 16 ਨਵੰਬਰ ਨੂੰ ਪੰਜਾਬ ਸਰਕਾਰ ਵਲੋਂ ਹਥਿਆਰ ਕਲਚਰ ਨੂੰ ਰੋਕਣ ਲਈ ਜਾਰੀ ਹੁਕਮਾਂ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਵਿਆਹਾਂ ਆਦਿ ਦੌਰਾਨ ਫਾਇਰ ਕਰਨ ਉਪਰ ਪਾਬੰਦੀ ਲਾਈ ਗਈ ਸੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸਾਸ਼ਨ ਨੂੰ ਪਿੰਡ ਚੱਕ ਦੋਨਾ, ਥਾਣਾ ਸਦਰ ਕਪੂਰਥਲਾ ਵਿਖੇ ਵਿਆਹ ਮੌਕੇ ਬਲਬੂਟਾ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਸ਼ਿਕਾਰਪੁਰ ਥਾਣਾ ਸੁਲਤਾਨਪੁਰ ਲੋਧੀ ਵਲੋਂ ਜਾਗੋ ਮੌਕੇ ਲਾਇਸੈਂਸੀ ਹਥਿਆਰ ਨਾਲ ਹਵਾਈ ਫਾਇਰ ਕਰਨ ਦੀ ਸ਼ਿਕਾਇਤ ਮਿਲੀ ਸੀ । ਸੂਚਨਾ ’ਤੇ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਪੜਤਾਲ ਪਿਛੋਂ ਫਾਇਰ ਕਰਨ ਵਾਲੇ ਵਿਰੁੱਧ ਬਲਬੂਟਾ ਸਿੰਘ ਵਿਰੁੱਧ ਆਰਮਜ਼ ਐਕਟ 1959 ਦੀ ਧਾਰਾ 27 ਤੇ ਆਈਪੀਸੀ 1860 ਦੀ ਧਾਰਾ 336 ਤਹਿਤ ਥਾਣਾ ਸਦਰ ਕਪੂਰਥਲਾ ਵਿਖੇ ਐੱਫਆਈਆਰ ਨੰਬਰ 126 ਮਿਤੀ 20 ਨਵੰਬਰ 2022 ਨੂੰ ਦਰਜ ਕੀਤੀ ਗਈ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਸਾਰੰਗਲ ਨੇ ਕਪੂਰਥਲਾ ਪੁਲਿਸ ਵਲੋਂ ਇਸ ਗੰਭੀਰ ਮਾਮਲੇ ਵਿਚ ਤੁਰੰਤ ਕਾਰਵਾਈ ਕਰਨ ਦੀ ਸ਼ਲਾਘਾ ਕਰਦਿਆਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਵਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ਤੇ ਨਾਜਾਇਜ਼ ਵਰਤੋਂ ਨੂੰ ਰੋਕਣ ਲਈ ਜਾਰੀ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ। ਉਨ੍ਹਾਂ ਵਿਸ਼ੇਸ਼ ਕਰਕੇ ਵਿਆਹਾਂ, ਸ਼ਾਦੀਆਂ ਤੇ ਸਮਾਜਿਕ ਸਮਾਗਮਾਂ ਮੌਕੇ ਫੋਕੀ ਸ਼ੋਹਰਤ ਲਈ ਫਾਇਰ ਕਰਨ ਵਾਲਿਆਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਸਾਸ਼ਨ ਵਲੋਂ ਅਜਿਹੇ ਵਿਅਕਤੀਆਂ ਵਿਰੁੱਧ ਮਿਸਾਲੀ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਅਜਿਹੇ ਗ਼ੈਰ ਸੰਜੀਦਾ ਵਿਅਕਤੀਆਂ ਕਾਰਨ ਆਮ ਲੋਕਾਂ ਦੇ ਜਾਨ-ਮਾਲ ਨੂੰ ਖਤਰਾ ਪੈਦਾ ਹੁੰਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਸਲਾ ਲਾਇਸੈਂਸਾਂ ਦੀ ਸਮੀਖਿਆ ਵੀ ਕੀਤੀ ਜਾ ਰਹੀ ਹੈ ਅਤੇ ਲਾਇਸੈਂਸੀ ਹਥਿਆਰਾਂ ਦੀ ਦੁਰਵਰਤੋਂ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕਰਨ ਦੇ ਨਾਲ-ਨਾਲ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ਉੱਪਰ ਹਥਿਆਰਾਂ ਦੀ ਨੁਮਾਇਸ਼, ਨਫਰਤੀ ਭਾਸ਼ਣ ਪੋਸਟ ਕਰਨ ਵਾਲਿਆਂ ਉੱਪਰ ਨਿਗਰਾਨੀ ਲਈ ਸ਼ੋਸ਼ਲ ਮੀਡੀਆ ਸੈਲ ਨੂੰ ਹੋਰ ਸਰਗਰਮ ਕੀਤਾ ਜਾ ਰਿਹਾ ਹੈ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਪੂਰੀ ਸਖਤੀ ਵਰਤੀ ਜਾਵੇਗੀ ।

ਦੱਸਣਯੋਗ ਹੈ ਕਿ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਹਥਿਆਰ ਜਾਂ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ’ਤੇ ਵੀ ਪੂਰਨ ਪਾਬੰਦੀ ਲਾਈ ਗਈ ਹੈ। ਇਸ ਤੋਂ ਇਲਾਵਾ ਜਨਤਕ ਇਕੱਠਾਂ, ਵਿਆਹਾਂ, ਧਾਰਮਿਕ ਸਥਾਨਾਂ ਜਾਂ ਹੋਰ ਸਮਾਗਮਾਂ ਵਿਚ ਹਥਿਆਰ ਲੈ ਕੇ ਪ੍ਰਦਰਸ਼ਨ ਕਰਨ ’ਤੇ ਵੀ ਪਾਬੰਦੀ ਲਾਗੂ ਹੈ। ਇਸੇ ਦੌਰਾਨ ਐਸ.ਐਸ.ਪੀ. ਕਪੂਰਥਲਾ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਬਲਬੂਟਾ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਿਸ ਹਥਿਆਰਾਂ ਦੀ ਜਨਤਕ ਨੁਮਾਇਸ਼ ਤੇ ਸੋਸ਼ਲ ਮੀਡੀਆ ਉੱਪਰ ਪ੍ਰਦਰਸ਼ਨ ਨੂੰ ਲੈ ਕੇ ਸਖਤ ਰਵੱਈਆ ਅਪਣਾ ਰਹੀ ਹੈ ਅਤੇ ਸਮੂਹ ਡੀਐੱਸਪੀਜ਼, ਥਾਣਾ ਮੁਖੀਆਂ ਤੋਂ ਇਲਾਵਾ ਸਾਈਬਰ ਸੈੱਲ, ਸੋਸ਼ਲ ਮੀਡੀਆ ਸੈੱਲ ਨੂੰ ਵੀ ਅਜਿਹੀਆਂ ਗਤੀਵਿਧੀਆਂ ਬਾਰੇ ਤੁਰੰਤ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *