‘ਬੈਨਰ ਆਧਾਰਤ’ ਪਾਰਟੀ ‘ਆਪ’ ਨੂੰ ਕਰਨਾ ਪਵੇਗਾ ਹਾਰ ਦਾ ਸਾਹਮਣਾ : ਜੇਪੀ ਨੱਢਾ

ਅਹਿਮਦਾਬਾਦ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇ.ਪੀ. ਨੱਢਾ ਨੇ ਮੰਗਲਵਾਰ ਨੂੰ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੂੰ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਸਾਹਮਣ ਕਰਨਾ ਪਵੇਗਾ, ਕਿਉਂਕਿ ਇਹ ‘ਬੈਨਰ ਆਧਾਰਤ ਪਾਰਟੀ’ ਹੈ, ਜਦੋਂ ਕਿ ਭਾਜਪਾ ‘ਕੈਡਰ’ ਆਧਾਰਤ ਪਾਰਟੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਜੇਠਾ ਭਾਰਵਾਡ ਦੇ ਸਮਰਥਨ ‘ਚ ਪੰਚਮਹਿਲ ਜ਼ਿਲ੍ਹੇ ਦੇ ਸ਼ੇਹਰਾ ਕਸਬੇ ‘ਚ ਪ੍ਰਚਾਰ ਮੁਹਿੰਮ ਦੌਰਾਨ ਦਾਅਵਾ ਕੀਤਾ ਕਿ ਗੁਜਰਾਤ ਚੋਣ ਖ਼ਤਮ ਹੋਣ ਤੋਂ ਬਾਅਦ ‘ਆਪ’ ਨੇਤਾ ਗੁਜਰਾਤ ਛੱਡ ਦੇਣਗੇ। ਨੱਢਾ ਨੇ ਕਿਹਾ,”ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ‘ਚ ਹਾਲ ਫਿਲਹਾਲ ‘ਆਪ’ ਹਾਰ ਗਈ। ਉਸ ਦੇ ਉਮੀਦਵਾਰ ਹਿਮਾਚਲ ਪ੍ਰਦੇਸ਼ ‘ਚ ਸਾਰੀਆਂ 67 ਸੀਟਾਂ ‘ਤੇ ਜ਼ਮਾਨਤ ਜ਼ਬਤ ਕਰਵਾਉਣਗੇ। ਗੁਜਰਾਤ ‘ਚ ਵੀ ਉਨ੍ਹਾਂ ਦਾ ਅਜਿਹਾ ਹੀ ਹਾਲ ਹੋਵੇਗਾ।”

ਸ਼ੇਹਰਾ ਅਤੇ 92 ਹੋਰ ਸੀਟਾਂ ‘ਤੇ ਵੋਟਿੰਗ 5 ਦਸੰਬਰ ਨੂੰ ਦੂਜੇ ਪੜਾਅ ਦੇ ਅਧੀਨ ਹੋਵੇਗਾ। ਭਾਜਪਾ ਪ੍ਰਧਾਨ ਨੇ ਕਿਹਾ,”ਆਪ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਉਹ ਬੈਨਰ ਆਧਾਰਤ ਪਾਰਟੀ ਹੈ, ਜੋ ਚੋਣਾਂ ਦੌਰਾਨ ਸਿਰਫ਼ ਬੈਨਰ ਲਗਾ ਸਕਦੀ ਹੈ, ਜਦੋਂ ਕਿ ਸਾਡੀ ਕੈਡਰ ਆਧਾਰਤ ਪਾਰਟੀ ਹੈ, ਜੋ ਲੋਕਾਂ ਦੀ ਸੇਵਾ ਕਰਨ ‘ਚ ਯਕੀਨ ਰੱਖਦੀ ਹੈ।” ਉਨ੍ਹਾਂ ਨੇ ਕਾਂਗਰਸ ‘ਤੇ ਹੋਰ ਪਿਛੜੇ ਵਰਗਾਂ ਅਤੇ ਆਦਿਵਾਸੀਆਂ ਲਈ ‘ਮਗਰਮੱਛ ਦੇ ਹੰਝੂ’ ਬਹਾਉਣ ਦਾ ਵੀ ਦੋਸ਼ ਲਗਾਇਆ। ਨੱਢਾ ਨੇ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਜਪਾ ਨੇ ਹੀ ਜ਼ਮੀਨੀ ਪੱਧਰ ‘ਤੇ ਅਸਲ ‘ਚ ਆਪਣੀ ਹਾਲਤ ਬਦਲੀ। ਮੋਦੀ ਨੇ ਹੀ ਇਕ ਆਦਿਵਾਸੀ ਔਰਤ ਨੂੰ ਪਹਿਲੀ ਵਾਰ ਇਸ ਦੇਸ਼ ਦਾ ਰਾਸ਼ਟਰਪਤੀ ਬਣਾਇਆ।” ਉਨ੍ਹਾਂ ਕਿਹਾ,”ਕਾਂਗਰਸ ਨੇ ਹਮੇਸ਼ਾ ਓ.ਬੀ.ਸੀ. ਨਾਲ ਰਾਜਨੀਤੀ ਕੀਤੀ ਹੈ। ਕਈ ਕਮਿਸ਼ਨ ਗਠਿਤ ਕੀਤੇ ਗਏ ਪਰ ਕੁਝ ਨਹੀਂ ਹੋਇਆ। ਮੋਦੀ ਨੇ ਰਾਸ਼ਟਰੀ ਓ.ਬੀ.ਸੀ. ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ।”

Leave a Reply

Your email address will not be published. Required fields are marked *