ਪ੍ਰਸ਼ਾਂਤ ਭੂਸ਼ਣ ਖ਼ਿਲਾਫ਼ ਹੱਤਕ ਦੇ ਕੇਸ ’ਚ ਸੁਪਰੀਮ ਕੋਰਟ ਵੱਲੋਂ ਫ਼ੈਸਲਾ ਰਾਖ਼ਵਾਂ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਕਿਹਾ ਕਿ 2009 ਦੇ ਹੱਤਕ ਦੇ ਕੇਸ ਵਿਚ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਮੰਗੀ ਮੁਆਫ਼ੀ ਅਦਾਲਤ ਨੂੰ ਹਾਲੇ ਤੱਕ ਨਹੀਂ ਮਿਲੀ ਹੈ। ਜਸਟਿਸ ਅਰੁਣ ਮਿਸ਼ਰਾ, ਬੀ.ਆਰ. ਗਵਈ ਤੇ ਕ੍ਰਿਸ਼ਨ ਮੁਰਾਰੀ ਦੇ ਬੈਂਚ ਨੇ ਕਿਹਾ ਕਿ ‘ਅਸੀਂ ਦੋਵਾਂ ਧਿਰਾਂ ਦੇ ਵਕੀਲਾਂ ਨੂੰ ਵਿਸਤਾਰ ਵਿਚ ਸੁਣਿਆ ਹੈ। ਪ੍ਰਸ਼ਾਂਤ ਭੂਸ਼ਣ ਤੇ ਤਰੁਣ ਤੇਜਪਾਲ ਵੱਲੋਂ ਅਦਾਲਤ ਨੂੰ ਦਿੱਤਾ ਸਪੱਸ਼ਟੀਕਰਨ ਜਾਂ ਮੁਆਫ਼ੀ ਅਜੇ ਤੱਕ ਨਹੀਂ ਮਿਲੀ। ਅਦਾਲਤ ਨੇ ਇਸ ਕੇਸ ਵਿਚ ਫ਼ੈਸਲਾ ਰਾਖ਼ਵਾਂ ਰੱਖ ਲਿਆ ਹੈ। ਅਦਾਲਤ ਨੇ ਪਹਿਲਾਂ ਕਿਹਾ ਕਿ ਨਿਰਾਦਰ ਤੇ ਬੋਲਣ ਦੀ ਆਜ਼ਾਦੀ ’ਚ ਬਾਰੀਕ ਜਿਹਾ ਫ਼ਰਕ ਹੈ। ਵੀਡੀਓ ਕਾਨਫਰੰਸ ਰਾਹੀਂ ਹੋਈ ਸੁਣਵਾਈ ਵਿਚ ਅਦਾਲਤ ਨੇ ਭੂਸ਼ਣ ਦੇ ਵਕੀਲ ਰਾਜੀਵ ਧਵਨ ਨੂੰ ਕਿਹਾ ਕਿ ਉਹ ਮਸਲਾ ਹੱਲ ਕਰਨ ਲਈ ਕੋਈ ਰਾਹ ਦੱਸਣ। ਹੱਤਕ ਦਾ ਇਹ ਕੇਸ 2009 ਵਿਚ ਉਦੋਂ ਦਰਜ ਹੋਇਆ ਸੀ ਜਦ ਪ੍ਰਸ਼ਾਂਤ ਨੇ ਤਹਿਲਕਾ ਰਸਾਲੇ ਨੂੰ ਦਿੱਤੀ ਇੰਟਰਵਿਊ ਵਿਚ ਨਿਆਂਪਾਲਿਕਾ ਬਾਰੇ ਟਿੱਪਣੀਆਂ ਕੀਤੀਆਂ ਸਨ। ਮਾਮਲੇ ਬਾਰੇ ਪਿਛਲੀ ਸੁਣਵਾਈ ਦੌਰਾਨ ਤੇਜਪਾਲ ਦੇ ਵਕੀਲ ਕਪਿਲ ਸਿੱਬਲ ਨੇ ਕਿਹਾ ਸੀ ਕਿ ਆਖ਼ਰੀ ਸੁਣਵਾਈ 2012 ਵਿਚ ਹੋਈ ਸੀ ਤੇ ਉਹ ਦਸਤਾਵੇਜ਼ਾਂ ਦੀ ਘੋਖ ਕਰਨਗੇ।