ਪਾਕਿਸਤਾਨ ਦਾ ਮੋਹਰਾ ਸੀ ਡੀਐੱਸਪੀ ਦਵਿੰਦਰ ਸਿੰਘ: ਐੱਨਆਈਏ

ਨਵੀਂ ਦਿੱਲੀ : ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਆਪਣੀ ਚਾਰਜਸ਼ੀਟ ’ਚ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਵਿਦੇਸ਼ ਮੰਤਰਾਲੇ ’ਚੋਂ ਜਾਣਕਾਰੀਆਂ ਹਾਸਲ ਕਰਨ ਲਈ ਜੰਮੂ ਕਸ਼ਮੀਰ ਪੁਲੀਸ ਦੇ ਮੁਅੱਤਲ ਡੀਐੱਸਪੀ ਦਵਿੰਦਰ ਸਿੰਘ ਨੂੰ ਮੋਹਰਾ ਬਣਾਇਆ ਸੀ। ਜ਼ਿਕਰਯੋਗ ਹੈ ਕਿ ਦਹਿਸ਼ਤੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਦੀ ਮਦਦ ਕਰਨ ਦੇ ਦੋਸ਼ ਹੇਠ ਐੱਨਆਈਏ ਦਵਿੰਦਰ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਹੈ। ਜੁਲਾਈ ਮਹੀਨੇ ਦਾਇਰ ਕੀਤੀ ਗਈ ਇਸ ਚਾਰਜਸ਼ੀਟ ’ਚ ਦਵਿੰਦਰ ਸਿੰਘ ਤੇ ਹੋਰਾਂ ’ਤੇ ਪਾਕਿਸਤਾਨ ਆਧਾਰਿਤ ਅਤਿਵਾਦੀਆਂ ਅਤੇ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਦੀ ਮਦਦ ਨਾਲ ‘ਭਾਰਤ ਖ਼ਿਲਾਫ਼ ਜੰਗ’ ਛੇੜਨ ਦਾ ਦੋਸ਼ ਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ ਵੱਲੋਂ ਜੰਮੂ ਦੀ ਵਿਸ਼ੇਸ਼ ਅਦਾਲਤ ’ਚ ਦਾਇਰ ਚਾਰਜਸ਼ੀਟ ਅਨੁਸਾਰ ਜੰਮੂ ਕਸ਼ਮੀਰ ਪੁਲੀਸ ’ਚ ਤਾਇਨਾਤ ਦਵਿੰਦਰ ਸਿੰਘ ਪਾਕਿਸਤਾਨ ਹਾਈ ਕਮਿਸ਼ਨ ਵਿਚਲੇ ਆਪਣੇ ਸੂਤਰਧਾਰਾਂ ਦੇ ਲਗਾਤਾਰ ਸੰਪਰਕ ’ਚ ਸੀ। ਇਹ ਸੂਤਰਧਾਰ ਅੱਗੇ ਜਾਣਕਾਰੀ ਇਸਲਾਮਾਬਾਦ ਭੇਜਦੇ ਸਨ। ਐੱਨਆਈਏ ਦੀ 3064 ਸਫ਼ਿਆਂ ਦੀ ਚਾਰਜਸ਼ੀਟ ਅਨੁਸਾਰ ਦਵਿੰਦਰ ਸਿੰਘ ਤੇ ਪੰਜ ਹੋਰਾਂ ਖ਼ਿਲਾਫ਼ ਗ਼ੈਰ ਕਾਨੂੰਨੀ ਗਤੀਵਿਧੀਆਂ ਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਚਾਰਜਸ਼ੀਟ ’ਚ ਇਸ ਪੁਲੀਸ ਅਫ਼ਸਰ ਵੱਲੋਂ ਅਤਿਵਾਦੀਆਂ ਨੂੰ ਦਿੱਤੀਆਂ ਗਈਆਂ ਪਨਾਹਾਂ ਦੇ ਵੇਰਵੇ ਵੀ ਦਰਜ ਹਨ। ਚਾਰਜਸ਼ੀਟ ਅਨੁਸਾਰ ਦਵਿੰਦਰ ਸਿੰਘ ਨੇ ਪਾਕਿਸਤਾਨ ਹਾਈ ਕਮਿਸ਼ਨ ਵਿਚਲੇ ਸਾਥੀ ਦਾ ਸੰਪਰਕ ਨੰਬਰ ‘ਪਾਕਿ ਭਾਈ’ ਦੇ ਨਾਂ ਨਾਲ ਸੰਭਾਲਿਆ ਹੋਇਆ ਸੀ। ਇਸ ਨੰਬਰ ਤੋਂ ਉਸ ਨੂੰ ਕਸ਼ਮੀਰ ’ਚ ਸੁਰੱਖਿਆ ਦਸਤਿਆਂ ਦੀਆਂ ਗਤੀਵਿਧੀਆਂ ਤੇ ਵੀਆਈਪੀਜ਼ ਦੇ ਆਉਣ ਬਾਰੇ ਨਿਗਰਾਨੀ ਕਰਨ ਸਮੇਤ ਹੋਰ ਕਾਰਵਾਈਆਂ ਕਰਨ ਦੇ ਨਿਰਦੇਸ਼ ਦਿੱਤੇ ਜਾਂਦੇ ਸੀ। ਹਿਜ਼ਬੁਲ ਮੁਜਾਹਿਦੀਨ ਨਾਲ ਜੁੜਨ ਤੋਂ ਬਾਅਦ ਦਵਿੰਦਰ ਸਿੰਘ ਨੂੰ ਵਿਦੇਸ਼ ਮੰਤਰਾਲੇ ’ਚ ਵੀ ਸੰਪਰਕ ਸਥਾਪਤ ਕਰਨ ਲਈ ਕਿਹਾ ਗਿਆ ਸੀ ਤਾਂ ਜੋ ਉੱਥੇ ਜਾਸੂਸੀ ਕੀਤੀ ਜਾ ਸਕਦੇ ਹਾਲਾਂਕਿ ਦਵਿੰਦਰ ਸਿੰਘ ਪਾਕਿਸਤਾਨੀ ਅੰਬੈਸੀ ਦੀ ਇਸ ਯੋਜਨਾ ਨੂੰ ਸਿਰੇ ਨਹੀਂ ਚੜ੍ਹਾ ਸਕਿਆ।

Leave a Reply

Your email address will not be published. Required fields are marked *