ਭਾਰਤ ਅਤੇ ਚੀਨ ਵਿਚਕਾਰ ਗੱਲਬਾਤ ਚੌਥੇ ਦਿਨ ਵੀ ‘ਬੇਸਿੱਟਾ’ ਰਹੀ

ਨਵੀਂ ਦਿੱਲੀ : ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਭਾਰਤੀ ਇਲਾਕੇ ’ਚ ਘੁਸਪੈਠ ਦੀ ਨਵੀਂ ਕੋਸ਼ਿਸ਼ ਮਗਰੋਂ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਚੱਲ ਰਹੀ ਗੱਲਬਾਤ ਅੱਜ ਲਗਾਤਾਰ ਚੌਥੇ ਦਿਨ ‘ਬੇਸਿੱਟਾ’ ਰਹੀ। ਕਰੀਬ ਚਾਰ ਘੰਟੇ ਤੱਕ ਚੱਲੀ ਬੈਠਕ ਦੌਰਾਨ ਚੀਨ ਪੂਰਬੀ ਲੱਦਾਖ ਇਲਾਕੇ ’ਚੋਂ ਪਿੱਛੇ ਨਾ ਹਟਣ ’ਤੇ ਬਜ਼ਿਦ ਰਿਹਾ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮੁਲਕਾਂ ਦੇ ਬ੍ਰਿਗੇਡ ਕਮਾਂਡਰ ਪੱਧਰ ਦੇ ਅਧਿਕਾਰੀਆਂ ਵਿਚਕਾਰ ਚੁਸ਼ੂਲ ’ਚ ਬੈਠਕ ਹੋਈ ਸੀ। ਚੀਨ ਨੇ ਪੈਂਗੌਂਗ ਤਸੋ ’ਚ ਸਥਿਤੀ ਬਦਲਣ ਦੀ ਭੜਕਾਊ ਹਰਕਤ ਕੀਤੀ ਸੀ। ਚੀਨੀ ਫ਼ੌਜ ਵੱਲੋਂ ਇਲਾਕੇ ’ਤੇ ਕਬਜ਼ੇ ਦੀ ਕੋਸ਼ਿਸ਼ ਮਗਰੋਂ ਭਾਰਤੀ ਫ਼ੌਜੀਆਂ ਨੇ ਉੱਚੀ ਚੋਟੀਆਂ ’ਤੇ ਟਿਕਾਣੇ ਬਣਾ ਲਏ ਸਨ ਜਿਸ ਮਗਰੋਂ ਚੀਨ ਨੇ ਭੜਕਾਊ ਕਾਰਵਾਈਆਂ ਕੀਤੀਆਂ। ਦੋਵੇਂ ਮੁਲਕਾਂ ਵਿਚਕਾਰ ਬਣੀ ਸਹਿਮਤੀ ਨੂੰ ਦਰਕਿਨਾਰ ਕਰਦਿਆਂ ਚੀਨੀ ਫ਼ੌਜ ਨੇ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਘੁਸਪੈਠ ਦੀ ਕੋਸ਼ਿਸ਼ ਕੀਤੀ ਸੀ ਜਿਸ ਨੂੰ ਭਾਰਤੀ ਫ਼ੌਜੀਆਂ ਨੇ ਨਾਕਾਮ ਬਣਾ ਦਿੱਤਾ ਸੀ। ਦੋਵੇਂ ਮੁਲਕਾਂ ਵਿਚਕਾਰ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ ’ਤੇ ਪਿਛਲੇ ਚਾਰ ਮਹੀਨਿਆਂ ਤੋਂ ਤਣਾਅ ਚੱਲ ਰਿਹਾ ਹੈ। ਭਾਰਤ ਅਤੇ ਚੀਨ ਵਿਚਕਾਰ ਕਈ ਦੌਰ ਦੀ ਗੱਲਬਾਤ ਮਗਰੋਂ ਵੀ ਅਜੇ ਤੱਕ ਤਣਾਅ ਨਹੀਂ ਘਟਿਆ ਹੈ।

Leave a Reply

Your email address will not be published. Required fields are marked *