ਨੀਰਵ ਮੋਦੀ ਹਵਾਲਗੀ ਮਾਮਲੇ ਦੀ ਸੁਣਵਾਈ ਯੂਕੇ ’ਚ ਅੱਜ ਤੋਂ ਸ਼ੁਰੂ

ਲੰਡਨ: ਪਿਛਲੇ ਵਰ੍ਹੇ ਮਾਰਚ ’ਚ ਗ੍ਰਿਫ਼ਤਾਰੀ ਮਗਰੋਂ ਇੱਥੋਂ ਦੀ ਇੱਕ ਜੇਲ੍ਹ ’ਚ ਬੰਦ ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਵੀਡੀਓਲਿੰਕ ਰਾਹੀਂ ਇੰਗਲੈਂਡ ਦੀ ਇੱਕ ਅਦਾਲਤ ’ਚ ਚੱਲ ਰਹੇ ਆਪਣੇ ਹਵਾਲਗੀ ਮੁਕੱਦਮੇ ਦੇ ਸਬੰਧ ’ਚ ਪੇਸ਼ ਹੋਵੇਗਾ। ਪੰਜਾਬ ਨੈਸ਼ਨਲ ਬੈਂਕ ਵਿੱਚ ਅੰਦਾਜ਼ਨ 2 ਬਿਲੀਅਨ ਅਮਰੀਕੀ ਡਾਲਰਾਂ ਦੀ ਧੋਖਾਧੜੀ ਤੇ ਭਾਰਤ ਸਰਕਾਰ ਵੱਲੋਂ ਦਾਇਰ ਮਨੀ ਲਾਂਡਰਿੰਗ ਕੇਸ ਸਬੰਧੀ ਇਹ ਵਪਾਰੀ ਹਵਾਲਗੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਸਬੰਧੀ ਭਾਰਤ ਨੇ ਯੂਕੇ ਦੀ ਸੀਪੀਐੱਸ ਰਾਹੀਂ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੋਇਆ ਹੈ। ਮੌਜੂਦਾ ਕਰੋਨਾਵਾਇਰਸ ਮਹਾਮਾਰੀ ਕਾਰਨ ਜੱਜ ਸੈਮੁਅਲ ਗੂਜ਼ ਨੇ ਵਾਂਡਸਵਿੱਥ ਜੇਲ੍ਹ ਦੇ ਇੱਕ ਕਮਰੇ ’ਚੋਂ ਨੀਰਵ ਮੋਦੀ ਨੂੰ ਪੇਸ਼ੀ ਭੁਗਤਣ ਲਈ ਕਿਹਾ ਹੈ। ਇਹ ਸੁਣਵਾਈ ਆਉਣ ਵਾਲੇ ਪੰਜ ਦਿਨਾਂ ’ਚ ਸਮਾਪਤ ਹੋ ਸਕਦੀ ਹੈ। ਜਸਟਿਸ ਗੂਜ਼ ਨੇ ਬੀਤੀ ਮਈ ’ਚ ਨੀਰਵ ਮੋਦੀ ਦੇ ਹਵਾਲਗੀ ਸਬੰਧੀ ਮਾਮਲੇ ਦੇ ਪਹਿਲੇ ਭਾਗ ਦੀ ਸੁਣਵਾਈ ਕੀਤੀ ਸੀ ਜਿਸ ਦੌਰਾਨ ਸੀਪੀਐੱਸ ਨੇ ਮੋਦੀ ਖ਼ਿਲਾਫ਼ ਧੋਖਾਧੜੀ ਤੇ ਮਨੀ ਲਾਂਡਰਿੰਗ ਦਾ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਭਾਰਤ ਸਰਕਾਰ ਵੱਲੋਂ ‘ਵਾਧੂ ਲੋੜੀਂਦੇ ਸਬੂਤ’ ਪੇਸ਼ ਕਰਨ ਤੋਂ ਬਾਅਦ ਦਲੀਲਾਂ ਨੂੰ ਪੂਰਾ ਕਰਨ ਲਈ ਇਹ ਸੁਣਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *