ਚਰਚਾ ਤੋਂ ਡਰਦੀ ਹੈ ਮੋਦੀ ਸਰਕਾਰ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਲੋਕ ਸਭਾ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਭਾਸ਼ਣ ਤੋਂ ਬਾਅਦ ਉਹ ਭਾਰਤੀ ਸੈਨਾ ਦੇ ਜਵਾਨਾਂ ਦੇ ਸਨਮਾਨ ’ਚ ਆਪਣੀ ਗੱਲ ਰੱਖਣਾ ਚਾਹੁੰਦੀ ਸੀ ਪਰ ਸਰਕਾਰ ਨੇ ਅਜਿਹਾ ਨਾ ਹੋਣ ਦਿੱਤਾ। ਲੋਕ ਸਭਾ ’ਚ ਪਾਰਟੀ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਸਰਕਾਰ ’ਤੇ ਚਰਚਾ ਕਰਨ ਤੋਂ ਡਰਨ ਦਾ ਦੋਸ਼ ਵੀ ਲਾਇਆ ਅਤੇ ਸਵਾਲ ਕੀਤਾ ਕਿ ਜਦੋਂ ਰੱਖਿਆ ਮੰਤਰੀ ਨੇ ਇਹ ਭਾਸ਼ਣ ਦਿੱਤਾ ਅਤੇ ਜਵਾਨਾਂ ਪ੍ਰਤੀ ਇਕਜੁੱਟਤਾ ਪ੍ਰਗਟ ਕਰਦਿਆਂ ਮਤੇ ਦੀ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ’ਚ ਮੌਜੂਦ ਕਿਉਂ ਨਹੀਂ ਸਨ। ਸਦਨ ’ਚ ਬੋਲਣ ਦਾ ਮੌਕਾ ਨਾ ਮਿਲਣ ਮਗਰੋਂ ਕਾਂਗਰਸ ਮੈਂਬਰਾਂ ਨੇ ਵਾਕਆਊਟ ਕਰਦਿਆਂ ਸੰਸਦੀ ਕੈਂਪਸ ’ਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਧਰਨਾ ਦੇ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਚੌਧਰੀ ਨੇ ਪੱਤਰਕਾਰਾਂ ਨੂੰ ਕਿਹਾ, ‘ਕਾਂਗਰਸ ਲਈ ਦੇਸ਼ ਸਭ ਤੋਂ ਪਹਿਲਾਂ ਹੈ। ਸਾਡੀ ਸੈਨਾ ਦਾ ਹੌਸਲਾ ਤੇ ਬਹਾਦੁਰੀ ਸਾਡੇ ਲਈ ਮਾਣ ਵਾਲੀ ਗੱਲ ਹੈ। ਜਦੋਂ ਸਦਨ ’ਚ ਲੱਦਾਖ ਦਾ ਜ਼ਿਕਰ ਕਰਦਿਆਂ ਸਰਕਾਰ ਵੱਲੋਂ ਗੱਲ ਰੱਖੀ ਗਈ ਤਾਂ ਅਸੀਂ ਵੀ ਆਪਣੇ ਜਵਾਨਾਂ ਪ੍ਰਤੀ ਸਨਮਾਨ ਜਤਾਉਣ ਲਈ ਇੱਕ ਮਿੰਟ ਦਾ ਸਮਾਂ ਮੰਗਿਆ ਸੀ।’ ਉਨ੍ਹਾਂ ਕਿਹਾ, ‘ਸਵਾਲ ਬਹੁਤ ਹਨ ਪਰ ਅਸੀਂ ਜਾਣਦੇ ਹਾਂ ਕਿ ਸਰਕਾਰ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇਣਾ ਚਾਹੁੰਦੀ ਕਿਉਂਕਿ ਉਹ ਚਰਚਾ ਤੋਂ ਡਰਦੀ ਹੈ।’ ਉਨ੍ਹਾਂ ਕਿਹਾ ਕਿ 1962 ਦੀ ਜੰਗ ਸਮੇਂ ਅਟਲ ਬਿਹਾਰੀ ਵਾਜਪਾਈ ਦੀ ਅਪੀਲ ’ਤੇ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰਲਾਲ ਨਹਿਰੂ ਚਰਚਾ ’ਤੇ ਸਹਿਮਤ ਹੋਏ ਸੀ ਤੇ ਸੰਸਦ ’ਚ ਚਰਚਾ ਹੋਈ ਸੀ ਪਰ ਹੁਣ ਸਰਕਾਰ ਨੇ ਉਨ੍ਹਾਂ ਦੀ ਕੋਈ ਅਪੀਲ ਨਹੀਂ ਮੰਨੀ।

Leave a Reply

Your email address will not be published. Required fields are marked *