ਭਾਜਪਾ ਅਤੇ ਆਰਐੱਸਐੱਸ ਦਾ ਏਜੰਡਾ ਸੀ ਅੰਨਾ ਅੰਦੋਲਨ: ਰਾਹੁਲ

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਹੈ ਕਿ ‘ਇੰਡੀਆ ਅਗੇਂਸਟ ਕਰੱਪਸ਼ਨ’ ਅੰਦੋਲਨ (ਅੰਨਾ ਅੰਦੋਲਨ) ਅਤੇ ਆਮ ਆਦਮੀ ਪਾਰਟੀ ਦੀ ਉਤਪਤੀ ਭਾਜਪਾ-ਆਰਐੱਸਐੱਸ ਦੀ ਯੂਪੀਏ ਸਰਕਾਰ ਨੂੰ ਡੇਗਣ ਦੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਸੀ। ਹਾਲ ਹੀ ਵਿਚ ਅੰਨਾ ਅੰਦੋਲਨ ਵਿਚ ਸ਼ਾਮਲ ਰਹੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਬਿਆਨ ਦਿੱਤਾ ਸੀ ਕਿ ਅੰਨਾ ਅੰਦੋਲਨ ਨੂੰ ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਦਾ ਸਮਰਥਨ ਹਾਸਲ ਸੀ। ਇਸੇ ਮੁੱਦੇ ’ਤੇ ਟਵੀਟ ਕਰ ਕੇ ਅੱਜ ਰਾਹੁਲ ਗਾਂਧੀ ਨੇ ਕਿਹਾ, ‘‘ਜੋ ਅਸੀਂ ਪਹਿਲਾਂ ਹੀ ਜਾਣਦੇ ਸਾਂ, ਉਸ ਦੀ ਹੁਣ ਆਮ ਆਦਮੀ ਪਾਰਟੀ ਦੇ ਸੰਸਥਾਪਕ ਨੇ ਪੁਸ਼ਟੀ ਕਰ ਦਿੱਤੀ ਹੈ।’’ ਇਸੇ ਦੌਰਾਨ ਉਨ੍ਹਾਂ ਨੇ ਕੇਂਦਰ ਸਰਕਾਰ ਦੇ ਲੌਕਡਾਊਨ ਦੌਰਾਨ ਮਾਰੇ ਗਏ ਮਜ਼ਦੂੁਰਾਂ ਬਾਰੇ ਅੰਕੜੇ ਨਾ ਹੋਣ ਦੇ ਬਿਆਨ ’ਤੇ ਤਨਜ਼ ਕੱਸਦਿਆਂ ਕਿਹਾ ਕਿ ਸਾਰੇ ਸੰਸਾਰ ਨੂੰ ਮਜ਼ਦੂਰਾਂ ਦੀਆਂ ਮੌਤਾਂ ਦੀ ਖ਼ਬਰ ਹੈ ਪਰ ਸਿਰਫ਼ ਮੋਦੀ ਸਰਕਾਰ ਹੀ ਅਣਜਾਣ ਹੈ।

ਦੱਸਣਯੋਗ ਹੈ ਕਿ ਕੇਂਦਰੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਬੀਤੇ ਦਿਨ ਲੋਕ ਸਭਾ ਵਿਚ ਕਿਹਾ ਸੀ ਕਿ ਤਾਲਾਬੰਦੀ ਦੌਰਾਨ ਘਰਾਂ ਨੂੰ ਮੁੜਦਿਆਂ ਮਜ਼ਦੂਰਾਂ ਦੀਆਂ ਹੋਈਆਂ ਮੌਤਾਂ ਤੇ ਜ਼ਖ਼ਮੀ ਹੋਏ ਕਿਸਾਨਾਂ ਦੇ ਅੰਕੜੇ ਸਰਕਾਰ ਕੋਲ ਨਹੀਂ ਹਨ। ਇਸ ਸਬੰਧੀ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਨਹੀਂ ਪਤਾ ਕਿ ਤਾਲਾਬੰਦੀ ਦੌਰਾਨ ਕਿੰਨੇ ਪਰਵਾਸੀ ਮਜ਼ਦੂਰ ਮਾਰੇ ਗਏ ਹਨ ਅਤੇ ਕਿੰਨੇ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਉਨ੍ਹਾਂ ਟਵੀਟ ਕਰ ਕੇ ਸਵਾਲ ਕੀਤਾ, ‘‘ਜੇ ਤੁਸੀਂ ਗਿਣਤੀ ਨਹੀਂ ਕੀਤੀ ਤਾਂ ਕੀ ਮੌਤਾਂ ਹੋਈਆਂ ਹੀ ਨਹੀਂ ਹਨ? ਦੁਖ ਦੀ ਗੱਲ ਇਹ ਹੈ ਕਿ ਸਰਕਾਰ ’ਤੇ ਇਸ ਦਾ ਕੋਈ ਅਸਰ ਹੀ ਨਹੀਂ ਪਿਆ। -ਪੀਟੀਆਈ

ਰਾਹੁਲ ਨਾਕਾਮੀਆਂ ਲੁਕਾਉਣ ਲਈ ਬਹਾਨੇ ਨਾ ਬਣਾਵੇ: ਸੰਜੈ ਸਿੰਘ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਆਗੂ ਸੰਜੈ ਸਿੰਘ ਨੇ ਰਾਹੁਲ ਗਾਂਧੀ ਵੱਲੋਂ ਲਾਏ ਦੋਸ਼ਾਂ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਕਾਂਗਰਸ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਗ਼ਲਤ ਬਹਾਨੇ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਗਾਂਗਰਸੀ ਆਗੂ ਨੂੰ ਅਜਿਹੇ ਗ਼ਲਤ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਟਵੀਟ ਵਿਚ ਲਿਖਿਆ, ‘ਗ਼ਲਤ ਬਹਾਨਿਆਂ ਰਾਹੀਂ ਉਹ ਕਿੰਨਾ ਸਮਾਂ ਆਪਣੀਆਂ ਨਾਕਾਮੀਆਂ ਨੂੰ ਲੁਕਾ ਸਕਦੇ ਹਨ। ਹੁਣ ਰੋਣਾ ਬੰਦ ਕਰੋ। ਸੱਚਾਈ ਇਹ ਹੈ ਕਿ ਦੇਸ਼ ਦੇ ਲੋਕਾਂ ਨੂੰ ਕਾਂਗਰਸ ਤੇ ਭਾਜਪਾ ਤੋਂ ਹੁਣ ਕੋਈ ਆਸ ਨਹੀਂ ਰਹੀ। ਸਿਰਫ਼ ਆਮ ਆਦਮੀ ਪਾਰਟੀ ਹੀ ਦੇਸ਼, ਲੋਕਾਂ ਦੀਆਂ ਸਮੱਸਿਆਵਾਂ ਬਾਰੇ ਗੱਲ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿਚ ਦੇਸ਼ ‘ਆਪ’ ਨੂੰ ਚੁਣੇਗਾ।

Leave a Reply

Your email address will not be published. Required fields are marked *